- ਸਿਹਤ ਵਿਭਾਗ ਵੱਲੋਂ “ਸਮਾਜ ਜਾਂ ਭਾਈਚਾਰੇ ਨੂੰ ਅਗਵਾਈ ਕਰਨ ਦਿਓ” ਵਿਸ਼ੇ ਤਹਿਤ ਮਨਾਇਆ ਵਿਸ਼ਵ ਏਡਜ਼ ਦਿਵਸ
ਬਰਨਾਲਾ, 1 ਦਸੰਬਰ : ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਬਰਨਾਲਾ ਦੇ ਟਰੇਨਿੰਗ ਹਾਲ ਵਿੱਚ ਵਿਸ਼ਵ ਏਡਜ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਡਾ. ਕੌਸ਼ਲ ਨੇ ਦੱਸਿਆ ਕਿ ਹਰ ਸਾਲ ਏਡਜ਼ ਦੀ ਰੋਕਥਾਮ ਅਤੇ ਇਸ ਤੋਂ ਪੀੜਤ ਵਿਆਕਤੀਆਂ ਪ੍ਰਤੀ ਸਤਿਕਾਰ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਲਈ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ। ਡਾ. ਹਰਜਿੰਦਰ ਕੌਰ ਨੋਡਲ ਅਫ਼ਸਰ ਆਈ. ਸੀ. ਟੀ. ਸੀ, ਸੀਮਾ ਸ਼ਰਮਾ ਸਵੇਤਨਾ ਪ੍ਰੋਗਰਾਮ ਅਤੇ ਜਗਦੀਪ ਕੌਰ ਏ. ਆਰ. ਟੀ. ਕੌਂਸਲਰ ਨੇ ਦੱਸਿਆ ਕਿ ਏਡਜ਼ ਐਚ. ਆਈ. ਵੀ. ਵਾਇਰਸ ਰਾਹੀਂ ਫੈਲਦੀ ਹੈ। ਇਹ ਸਰੀਰ ਵਿੱਚ ਬਿਮਾਰੀਆਂ ਖਿਲਾਫ ਲੜਨ ਦੀ ਸ਼ਕਤੀ ਘਟਾ ਦਿੰਦੀ ਹੈ। ਏਡਜ਼ ਬਿਮਾਰੀ ਤੋਂ ਪੀੜਤ ਵਿਅਕਤੀ ਤੋਂ ਸੂਈ ਸਰਿੰਜ, ਟੈਟੂ, ਉਸਤਰਾ, ਬਲੇਡ, ਏਡਜ਼ ਪੀੜਤ ਔਰਤ ਤੋਂ ਬੱਚੇ ਨੂੰ ਅਤੇ ਅਸੁਰੱਖਿਅਤ ਸਬੰਧਾਂ ਕਾਰਨ ਹੋ ਸਕਦੀ ਹੈ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਧੀਨ ਏ.ਆਰ. ਟੀ. ਸੈਂਟਰਾਂ ‘ਚ ਦਵਾਈ ਮੁਫਤ ਦਿੱਤੀ ਜਾਂਦੀ ਹੈ। ਬਰਨਾਲਾ, ਤਪਾ ਅਤੇ ਧਨੌਲਾ ਆਈ. ਸੀ. ਟੀ.ਸੀ. ਸੈਂਟਰਾਂ ਵਿਖੇ ਐਚ ਆਈ ਵੀ ਟੈਸਟ ਮੁਫਤ ਕੀਤੇ ਜਾਂਦੇ ਹਨ ਅਤੇ ਬਚਾਅ ਲਈ ਕਾਂਊਸਲਿੰਗ ਕੀਤੀ ਜਾਂਦੀ ਹੈ। ਇਨ੍ਹਾਂ ਸੈਂਟਰਾਂ ਤੋਂ ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ। ਸਮੇਂ ਸਿਰ ਜਾਂਚ ਕਰਵਾ ਕੇ ਏਡਜ਼ ਪੀੜਤ ਔਰਤ ਤੋਂ ਬੱਚੇ ਨੂੰ ਏਡਜ਼ ਹੋਣ ਤੋਂ ਬਚਾਇਆ ਜਾ ਸਕਦਾ ਹੈ। ਐਚ.ਆਈ.ਵੀ. ਵਾਇਰਸ ਦਾ ਸਮੇਂ ਸਿਰ ਟੈਸਟ ਕਰਵਾ ਕੇ ਪਤਾ ਲਗਾ ਕੇ ਏਡਜ਼ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਸਮੇਂ ਜਸਪ੍ਰੀਤ ਸਿੰਘ ਪ੍ਰੋਗਰਾਮ ਮੈਨੇਜਰ, ਬਲਜਿੰਦਰ ਸਿੰਘ ਆਊਟ ਰੀਚ ਵਰਕਰ ਯੁਵਾ ਮੰਡਲ ਬਰਨਾਲਾ ਟੀ. ਆਈ. ਪ੍ਰੋਜੈਕਟ ਵੱਲੋਂ ਕੌਂਸਲਰ ਮਨਜਿੰਦਰ ਸਿੰਘ, ਸੰਦੀਪ ਸਿੰਘ ਤੇ ਹਰਮਨਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਐਲ.ਟੀ. ਆਈ. ਸੀ. ਟੀ. ਸੀ. ਸਟਾਫ ਦੇ ਸਹਿਯੋਗ ਨਾਲ ਏਡਜ਼ ਤੋਂ ਬਚਾਅ ਸਬੰਧੀ ਜਨ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਮਨੋਹਰ ਲਾਲ,ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਪ੍ਰਵੇਸ ਕੁਮਾਰ, ਡਾ. ਕਾਕੁਲ ਬਾਜਵਾ ਨੋਡਲ ਅਫ਼ਸਰ ਐਸ. ਟੀ. ਆਈ, ਡਾ. ਈਸ਼ਾ ਗੁਪਤਾ ਔਰਤ ਰੋਗਾਂ ਦੇ ਮਾਹਿਰ ਅਤੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਵਿਦਿਆਰਥੀ ਹਾਜ਼ਰ ਸਨ।