ਲੁਧਿਆਣਾ 17 ਅਪ੍ਰੈਲ : ਆਸਟਰੇਲੀਆ ਦੇ ਵਿਕਟੋਰੀਆ ਪ੍ਰਾਂਤ ਵਿੱਚ ਖੇਤੀ ਕਾਰੋਬਾਰ ਅਤੇ ਕਾਸ਼ਤਕਾਰੀ ਨਾਲ ਜੁੜੇ ਸ. ਆਗਿਆਕਾਰ ਸਿੰਘ ਗਰੇਵਾਲ ਨੇ ਅੱਜ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨਾਲ ਮੁਲਾਕਾਤ ਕੀਤੀ| ਇਸ ਮੌਕੇ ਉਹਨਾਂ ਨਾਲ ਸ. ਗੁਰਨਾਮ ਸਿੰਘ ਧਾਲੀਵਾਲ ਅਤੇ ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਵੀ ਮੌਜੂਦ ਸਨ |ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸ. ਆਗਿਆਕਾਰ ਸਿੰਘ ਗਰੇਵਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਪੀ.ਏ.ਯੂ. ਤੋਂ ਖੇਤੀ ਚਾਨਣ ਲੈ ਕੇ ਵਿਗਿਆਨੀਆਂ ਅਤੇ ਕਿਸਾਨਾਂ ਨੇ ਸਾਰੀ ਦੁਨੀਆਂ ਵਿੱਚ ਆਪਣੇ ਕੰਮ ਨਾਲ ਲੋਅ ਬਿਖੇਰੀ ਹੈ | ਉਹਨਾਂ ਕਿਹਾ ਕਿ ਇਹਨਾਂ ਕਿਸਾਨਾਂ ਦਾ ਬਿਗਾਨੀਆਂ ਧਰਤੀਆਂ ਤੇ ਜਾ ਕੇ ਕਾਮਯਾਬ ਹੋਣਾ ਪੰਜਾਬੀਆਂ ਦੇ ਮਿਹਨਤੀ ਸੁਭਾਅ ਵੱਲ ਸੰਕੇਤ ਕਰਦਾ ਹੈ | ਡਾ. ਗੋਸਲ ਨੇ ਆਗਿਆਕਾਰ ਸਿੰਘ ਗਰੇਵਾਲ ਨੂੰ ਆਉਂਦੇ ਦਿਨੀਂ ਐੱਨ ਆਰ ਆਈ ਕਿਸਾਨ ਮਿਲਣੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਤਜਰਬੇ ਪੰਜਾਬ ਦੇ ਕਿਸਾਨਾਂ ਨਾਲ ਵੀ ਸਾਂਝੇ ਕਰਨ | ਸ. ਆਗਿਆਕਾਰ ਸਿੰਘ ਗਰੇਵਾਲ ਨੇ ਇਸ ਮੌਕੇ ਦੱਸਿਆ ਕਿ ਉਹ 1988 ਤੋਂ ਆਸਟਰੇਲੀਆ ਮਹਾਂਦੀਪ ਵਿੱਚ ਜਾ ਵੱਸੇ ਸਨ | ਇਸ ਤੋਂ ਪਹਿਲਾਂ ਉਹ ਪੀ.ਏ.ਯੂ. ਨਾਲ ਨਿਰੰਤਰ ਜੁੜੇ ਰਹੇ | ਆਸਟਰੇਲੀਆ ਵਿੱਚ ਉਹਨਾਂ ਨੇ ਗਰੇਵਾਲ ਫਾਰਮ ਫਰੈਸ਼ ਨਾਮ ਦੀ ਫਰਮ ਚਲਾਈ | ਉਹ ਨਾ ਸਿਰਫ ਕੀਵੀ, ਬਲੈਕਬੇਰੀ ਅਤੇ ਹੋਰ ਰਵਾਇਤੀ ਆਸਟ੍ਰੇਲੀਅਨ ਫਲਾਂ ਦੀ ਕਾਸ਼ਤ ਕਰਦੇ ਹਨ ਬਲਕਿ ਉਥੋਂ ਦੇ ਪੰਜਾਬੀ ਭਾਈਚਾਰੇ ਲਈ ਬਹੁ-ਅਨਾਜੀ ਅਤੇ ਸਧਾਰਨ ਆਟੇ ਦਾ ਉਤਪਾਦਨ ਵੀ ਕਰਦੇ ਹਨ | ਸ. ਗਰੇਵਾਲ ਨੇ ਪੰਜਾਬ ਦੀ ਕਿਸਾਨੀ ਦੇ ਸੰਬੰਧ ਵਿੱਚ ਪ੍ਰੋਸੈਸਿੰਗ ਨੂੰ ਬੇਹੱਦ ਲਾਹੇ ਵਾਲਾ ਕਿੱਤਾ ਕਿਹਾ ਅਤੇ ਕਿਸਾਨਾਂ ਨੂੰ ਪ੍ਰੋਸੈਸਿੰਗ ਨਾਲ ਜੋੜਨ ਲਈ ਪੀ.ਏ.ਯੂ. ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ | ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਗਰੇਵਾਲ ਦਾ ਯੂਨੀਵਰਸਿਟੀ ਆਉਣ ਤੇ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਹ ਲਗਾਤਾਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪੰਜਾਬ ਦੇ ਕਿਸਾਨਾਂ ਦਾ ਉਤਸ਼ਾਹ ਵਧਾਉਂਦੇ ਰਹਿਣਗੇ |