ਲੁਧਿਆਣਾ, 1 ਮਈ : ਜ਼ਿਲ੍ਹਾ ਲੁਧਿਆਣਾ ਵਿੱਚ ਚੱਲ ਰਹੇ ਸੀਜ਼ਨ ਦੌਰਾਨ ਕਣਕ ਦੀ ਆਮਦ ਅਤੇ ਖਰੀਦ ਨੇ ਪਿਛਲੇ ਸਾਲ ਦੇ ਰਿਕਾਰਡ ਨੂੰ ਪਾਰ ਕਰ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ, ਪਿਛਲੇ ਸਾਲ ਦਾ ਰਿਕਾਰਡ ਤੋੜਦਿਆਂ ਇਸ ਸਾਲ 30 ਅਪ੍ਰੈਲ ਤੱਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਕੁੱਲ 763290 ਮੀਟਰਕ ਟਨ ਕਣਕ ਦੀ ਆਮਦ ਹੋਈ ਜਦਕਿ ਪਿਛਲਾ ਅੰਕੜਾ 680312 ਮੀਟਰਿਕ ਟਨ ਸੀ। ਇਸੇ ਤਰ੍ਹਾਂ 666025 ਮੀਟਰਕ ਟਨ ਕਣਕ ਦੀ ਖਰੀਦ ਵੀ ਪਿਛਲੇ ਸਾਲ 30 ਅਪ੍ਰੈਲ, 2022 ਨੂੰ 585879 ਮੀਟਰਿਕ ਟਨ ਕਣਕ ਦੇ ਰਿਕਾਰਡ ਨੂੰ ਪਾਰ ਕਰ ਗਈ ਹੈ। ਕਣਕ ਦੀ ਖਰੀਦ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ 1536 ਕਰੋੜ ਰੁਪਏ ਦੀਆਂ ਅਦਾਇਗੀਆਂ ਵੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਪੁੱੱਤਾਂ ਵਾਂਗ ਪਾਲੀ ਫਸਲ ਦੀ ਖਰੀਦ ਨੇ ਵੀ ਤੇਜ਼ੀ ਫੜ ਲਈ ਹੈ ਅਤੇ ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਕਿ ਖਰੀਦੇ ਗਏ ਅਨਾਜ ਦੇ ਇੱਕ-ਇੱਕ ਦਾਣੇ ਦੀ ਜਲਦ ਤੋਂ ਜਲਦ ਲਿਫਟਿੰਗ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਹਰੇਕ ਏਜੰਸੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਨਾਜ ਮੰਡੀ ਵਿੱਚ ਆਉਂਦੇ ਹੀ ਉਸ ਦਾ ਕੋਟਾ ਚੁੱਕਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਸੁਨਹਿਰੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।