ਬਹਾਦਰਗੜ੍ਹ, 14 ਅਪ੍ਰੈਲ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਸਾਲਾਨਾ ਜੋੜ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ। ਗੁਰੂ ਘਰ ’ਚ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਸਿੱਖ ਇਤਿਹਾਸ ਨਾਲ ਜੋੜਿਆ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਆਯੋਜਿਤ ਧਾਰਮਕ ਸਮਾਗਮ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਅੰਤਿ੍ਰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਜਸਮੇਰ ਸਿੰਘ ਲਾਛਡੂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਚੰਦੂਮਾਜਰਾ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦਸਮੇਸ਼ ਪਿਤਾ ਨੇ 1699 ’ਚ ਖਾਲਸਾ ਸਾਜਨਾ ਦਿਵਸ ਦੀ ਸਿਰਜਣਾ ਕਰਕੇ ਜ਼ਬਰ-ਜ਼ੁਲਮ ਦੇ ਖਿਲਾਫ਼ ਲੜਨ ਦੀ ਜੀਵਨ ਜਾਂਚ ਪ੍ਰਦਾਨ ਕੀਤੀ। ਇਸ ਮੌਕੇ ਸੰਗਤਾਂ ਦੇ ਇਕੱਠ ਦੌਰਾਨ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਅੱਜ ਗੁਰਦੁਆਰਾ ਸਾਹਿਬ ਵਿਚ ਦਖਲ ਦੇ ਕੇ ਸੰਗਤਾਂ ਨੂੰ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ, ਜੋ ਕਿ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਤਖਤ ਸਾਹਿਬਾਨਾਂ ਸਮੇਤ ਗੁਰਦੁਆਰਾ ਕੰਪਲੈਕਸਾਂ ਵਿਚ ਪੁਲਿਸ ਤਾਇਨਾਤ ਕਰਕੇ ਸੰਗਤਾਂ ਦੀ ਚੈਂਕਿੰਗ ਕਰਵਾਉਣੀ, ਤਲਾਸ਼ੀ ਅਭਿਆਨ ਚਲਾਇਆ, ਜਿਸ ਨਾਲ ਸਰਕਾਰ ਸੰਗਤਾਂ ਵਿਚ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸੰਗਤੀ ਰੂਪ ਵਿਚ ਗੁਰਦੁਆਰਾ ਸਾਹਿਬਾਨ ਆਉਣ, ਪ੍ਰੰਤੂ ਜਿਸ ਤਰ੍ਹਾਂ ਦਾ ਅਮਲਾ ਫੈਲਾ ਤਾਇਨਾਤ ਕਰਕੇ ਮਾਹੌਲ ਸਿਰਜਿਆ ਗਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਮੱਥਾ ਟੇਕਣ ਨਹੀਂ ਬਲਕਿ ਪੁਲਿਸ ਦੀ ਚੈਂਕਿੰਗ ਅਭਿਆਨ ਦਾ ਹਿੱਸਾ ਬਣਕੇ ਗੁਰਦੁਆਰਿਆਂ ਵਿਚ ਡਰ ਅਤੇ ਭੈਅ ਦਾ ਮਾਹੌਲ ਖੜਾ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਮੈਨੇਜਰ ਸੁਰਜੀਤ ਸਿੰਘ, ਜਗਜੀਤ ਸਿੰਘ ਕੋਹਲੀ ਸਿਆਸੀ ਸਲਾਹਕਾਰ (ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ), ਸੁਖਬੀਰ ਸਿੰਘ ਅਬਲੋਵਾਲ, ਬਾਬਾ ਸੋਹਣ ਸਿੰਘ ਕਾਰ ਸੇਵਾ ਵਾਲੇ, ਕੁਲਦੀਪ ਸਿੰਘ ਹਰਪਾਲਪੁਰ ਆਦਿ ਸੰਗਤਾਂ ਹਾਜ਼ਰ ਸਨ।