ਗੁਰੂਸਰ ਸੁਧਾਰ, 5 ਮਾਰਚ : ਪਿੰਡ ਅਕਾਲਗੜ੍ਹ ਕਲਾਂ ਦੇ ਫੌਜੀ ਜਵਾਨ ਬਲਵੀਰ ਸਿੰਘ (29) ਦੀ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਅਚਾਨਕ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ। ਇਸ ਦੀ ਮ੍ਰਿਤਕ ਦੇਹ ਬਾਅਦ ਦੁਪਿਹਰ ਜੱਦੀ ਪਿੰਡ ਪੁੱਜਣ ’ਤੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਬਲਵੀਰ ਸਿੰਘ ਦਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ। ਜਿਸ ਦੌਰਾਨ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ, ਸ਼ਹੀਦ ਦੀ ਬਟਾਲੀਅਨ ਦੇ ਫ਼ੌਜੀ ਜਵਾਨਾਂ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਇਲਾਕਾ ਵਾਸੀਆਂ ਨੇ ਸ਼ਹੀਦ ਬਲਬੀਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ‘ਸ਼ਹੀਦ ਬਲਵੀਰ ਸਿੰਘ ਅਮਰ ਰਹੇ’ ਦੇ ਨਾਅਰੇ ਲਾਏ, ਉਥੇ ਮਾਪਿਆਂ ਦੇ ਇਕਲੌਤੇ ਪੁੱਤ ਸ਼ਹੀਦ ਬਲਵੀਰ ਸਿੰਘ ਦੀ ਮ੍ਰਿਤਕ ਪੁੱਜਣ ’ਤੇ ਸ਼ਹੀਦ ਦੀ ਮਾਤਾ ਸਵਰਨਜੀਤ ਕੌਰ ਤੇ ਭੈਣ ਜਸਵਿੰਦਰ ਕੌਰ ਦਾ ਵਿਰਲਾਪ ਦੇਖ ਕੇ ਹਰ ਅੱਖ ਵਿਚੋਂ ਆਪ ਮੁਹਾਰੇ ਅੱਥਰੂ ਵਹਿ ਤੁਰੇ। ਇਸ ਮੌਕੇ ਪੁੱਤ ਦੀ ਸ਼ਹਾਦਤ ਉਤੇ ਮਾਣ ਕਰਦਿਆਂ ਏਅਰ ਫੋਰਸ ’ਚੋਂ ਸੇਵਾ ਮੁਕਤ ਪਿਤਾ ਪ੍ਰੀਤਮ ਸਿੰਘ ਨੇ ਨਮ ਅੱਖਾਂ ਨਾਲ ਸਲੂਟ ਮਾਰ ਕੇ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ਹੀਦ ਬਲਵੀਰ ਸਿੰਘ ਦੀ ਦੇਹ ਨੂੰ 3 ਸਿੱਖ ਲਾਈਟ ਇਨਫੈਂਟਰੀ ਦੇ ਸੂਬੇਦਾਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਆਈ ਸੈਨਿਕ ਟੁਕੜੀ ਨੇ ਸਲਾਮੀ ਦਿੱਤੀ। ਇਸ ਤੋਂ ਇਲਾਵਾ ਸਿਆਸੀ ਲੀਡਰਾਂ ਪੁਲਿਸ ਪ੍ਰਸ਼ਾਸਨ ਵੱਲੋਂ ਥਾਣਾ ਸੁਧਾਰ ਸ਼ਹੀਦ ਦੀ ਮਿ੍ਰਤਕ ਦੇਹ ਉਤੇ ਫੁੱਲ ਮਲਾਵਾਂ ਅਰਪਿਤ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੂਬੇਦਾਰ ਹਰਮਿੰਦਰ ਸਿੰਘ ਮਾਹੀ ਅਤੇ ਹਾਜ਼ਰ ਲੋਕਾਂ ਨੇ ਪੰਜਾਬ ਸਰਕਾਰ ਤੋਂ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ 1 ਕਰੋੜ ਦੀ ਐਕਸਗ੍ਰੇਸ਼ੀਆ ਗ੍ਰਾਂਟ ਦੀ ਮੰਗ ਕੀਤੀ ਗਈ। 29 ਸਾਲਾ ਸ਼ਹੀਦ ਬਲਵੀਰ ਸਿੰਘ ਅਜੇ ਕੁਆਰਾ ਹੀ ਸੀ ਅਤੇ 10 ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ।