ਅਬੋਹਰ 12 ਮਾਰਚ : ਅਬੋਹਰ ਸ਼ਹਿਰ ਨੂੰ ਅੱਜ ਇੱਕ ਵੱਡੀ ਸੌਗਾਤ ਮਿਲੀ ਜਦ ਇੱਥੇ ਆਭਾ ਸੁਕੇਅਰ ਵਿੱਚ ਬਣੀ ਡਾ ਬੀ ਆਰ ਅੰਬੇਡਕਰ ਪਬਲਿਕ ਲਾਈਬ੍ਰੇਰੀ ਦਾ ਉਦਘਾਟਨ ਹੋ ਗਿਆ। ਇਸ ਤੇ 3 ਕਰੋੜ 41 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਅਤੇ ਸਾਬਕਾ ਵਿਧਾਇਕ ਸ਼੍ਰੀ ਅਰੁਣ ਨਾਰੰਗ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਲਾਈਬ੍ਰੇਰੀਆਂ ਸਾਡੇ ਨੌਜਵਾਨਾਂ ਦੇ ਬੌਧਿਕ ਵਿਕਾਸ ਦਾ ਆਧਾਰ ਬਣਗੀਆਂ। ਉਨਾਂ ਆਖਿਆ ਕਿ ਜਦ ਨੌਜਵਾਨ ਚੰਗਾ ਗਿਆਨ ਪ੍ਰਾਪਤ ਕਰਨਗੇ ਤਾਂ ਉਹ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵਧਣਗੇ। ਉਹਨਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਤੱਕ ਸੂਬੇ ਦੇ ਨੌਜਵਾਨਾਂ ਨੂੰ 40 ਹਜਾਰ ਤੋਂ ਵੱਧ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ ਤੇ ਦੇ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਇਹ ਲਾਇਬਰੇਰੀ ਲਾਭਦਾਇਕ ਸਿੱਧ ਹੋਵੇਗੀ । ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਸ ਲਾਈਬ੍ਰੇਰੀ ਦੇ ਬਣਨ ਨਾਲ ਨੌਜਵਾਨਾਂ ਨੂੰ ਬਹੁਤ ਲਾਭ ਹੋਵੇਗਾ । ਉਹਨਾਂ ਨੇ ਕਿਹਾ ਕਿ ਗਿਆਨ ਨਾਲ ਜੁੜ ਕੇ ਨੌਜਵਾਨ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵਧ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਸ ਲਾਈਬ੍ਰੇਰੀ ਵਿੱਚ ਵਿਦਿਆਰਥੀਆਂ ਨੂੰ ਸਾਹਿਤ ਦੇ ਨਾਲ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਪੁਸਤਕਾਂ, ਮੈਗਜੀਨ ਅਤੇ ਅਖਬਾਰਾਂ ਵੀ ਮਿਲਣਗੀਆਂ। ਇਸ ਲਾਈਬ੍ਰੇਰੀ ਵਿੱਚ ਇੱਕੋ ਵੇਲੇ 130 ਲੋਕ ਬੈਠ ਕੇ ਪੜ ਸਕਣਗੇ। ਲਾਈਬ੍ਰੇਰੀ ਪੂਰੀ ਤਰਾਂ ਵਾਤਾਅਨੁਕੂਲਿਤ ਹੈ। ਲਾਇਬਰੇਰੀ ਨੂੰ ਨਗਰ ਨਿਗਮ ਵੱਲੋਂ ਚਲਾਇਆ ਜਾਵੇਗਾ ਅਤੇ ਵੱਖ-ਵੱਖ ਸ਼ਿਫਟਾਂ ਵਿੱਚ ਵਿਦਿਆਰਥੀ ਇਥੇ ਪੜ੍ਹਾਈ ਕਰਨ ਲਈ ਆ ਸਕਣਗੇ। ਇਸ ਲਾਈਬ੍ਰੇਰੀ ਵਿੱਚ ਇੱਕ ਡਿਜੀਟਲ ਸੈਕਸ਼ਨ ਮੇਂ ਬਣਾਇਆ ਗਿਆ ਹੈ ਜਿੱਥੇ ਕੰਪਿਊਟਰ ਰਾਹੀਂ ਵੀ ਵਿਦਿਆਰਥੀ ਵਿਸ਼ਵ ਭਰ ਦੀਆਂ ਆਨਲਾਈਨ ਲਾਇਬ੍ਰੇਰੀਆਂ ਦਾ ਲਾਹਾ ਲੈ ਸਕਣਗੇ।। ਇਥੇ ਇੰਟਰਨੈੱਟ ਤੇ ਵਾਈ ਫਾਈ ਦੀ ਸਹੂਲਤ ਵੀ ਹੈ। ਸੁਰੱਖਿਆ ਦੇ ਪੱਖ ਤੋਂ ਸੀ ਸੀ ਟੀ ਵੀ ਕੈਮਰੇ ਵੀ ਲਗਾਏ ਗਏ ਹਨ। ਇਸ ਮੌਕੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸੰਦੀਪ ਗੁਪਤਾ ਕਾਰਜਕਾਰੀ ਇੰਜਨੀਅਰ ਅਭਿਨਵ ਜੈਨ, ਜ਼ਿਲਾ ਯੂਥ ਪ੍ਰਧਾਨ ਪ੍ਰੋ ਤੇਜਬੀਰ ਸਿੰਘ ਬਰਾੜ, ਜਨਰਲ ਸਕੱਤਰ ਉਪਕਾਰ ਸਿੰਘ ਜਾਖੜ, ਐਡਵੋਕੇਟ ਹਰਪ੍ਰੀਤ ਸਿੰਘ, ਸੁਪਰਡੈਂਟ ਵਿਕਰਮ ਧੂੜੀਆ ਆਦਿ ਵੀ ਹਾਜਰ ਸਨ।