- ਮੰਤਰੀ ਮੀਤ ਹੇਅਰ ਨੇ ਪਿੰਡ ਅਮਲਾ ਸਿੰਘ ਵਾਲਾ ਵਿਖੇ ਕੈਂਪ ਦਾ ਕੀਤਾ ਦੌਰਾ, ਲੋਕਾਂ ਨਾਲ ਕੀਤੀ ਗੱਲਬਾਤ
ਬਰਨਾਲਾ, 10 ਫਰਵਰੀ : ਪੰਜਾਬ ਸਰਕਾਰ ਦੇ ਉਪਰਾਲੇ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਜ਼ਿਲ੍ਹਾ ਬਰਨਾਲਾ ਦੀਆਂ ਤਿੰਨੋਂ ਸਬ ਡਵੀਜ਼ਨਾਂ ‘ਚ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ‘ਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਕੇ ਉੱਤੇ ਹੀ ਕੀਤਾ ਜਾਂਦਾ ਹੈ। ਇਸ ਤਹਿਤ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਅਮਲਾ ਸਿੰਘ ਵਾਲਾ ਵਿਖੇ ਲਗਾਏ ਗਏ ਕੈਂਪ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਵੱਧ ਤੋਂ ਵੱਧ ਸਰਕਾਰ ਦੀ ਇਸ ਨਿਵੇਕਲੀ ਪਹਿਲ ਦਾ ਲਾਹਾ ਲੈਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ ਕੈਂਪਾਂ ‘ਚ ਪ੍ਰਾਪਤ ਅਰਜ਼ੀਆਂ ਮੌਕੇ ਉੱਤੇ ਹੀ ਸੁਲਝਾਈਆਂ ਜਾ ਰਹੀਆਂ ਹਨ। ਇਸ ਨਾਲ ਲੋਕਾਂ ਨੂੰ ਲੋਕ ਭਲਾਈ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਲ ਰਹੀਆਂ ਹਨ। ਗੁਰਦੁਵਾਰਾ ਸਾਹਿਬ ਪਰਗਟਸਰ ਵਿਖੇ ਕੈਂਪ ‘ਚ ਨਗਰ ਕੌਂਸਲ ਬਰਨਾਲਾ ਵੱਲੋਂ ਬਿਨੈਕਾਰ ਨੂੰ ਉਸ ਦੇ ਬੱਚੇ ਦਾ ਜਨਮ ਸਰਟੀਫਿਕੇਟ ਮੌਕੇ ਉੱਤੇ ਹੀ ਜਾਰੀ ਕੀਤਾ ਗਿਆ। ਇਸੇ ਤਰ੍ਹਾਂ ਉਸਾਰੀ ਕਿਰਤੀਆਂ ਨੂੰ ਉਨ੍ਹਾਂ ਦੇ ਕਾਰਡ ਵੀ ਮੌਕੇ ਉੱਤੇ ਕੈਂਪ ‘ਚ ਹੀ ਬਣਾ ਕੇ ਦਿੱਤੇ ਜਾ ਰਹੇ ਹਨ। ਇਹ ਕੈਂਪ ਤਪਾ ਅਤੇ ਮਹਿਲ ਕਲਾਂ ਸਬ ਡਵੀਜ਼ਨ ‘ਚ ਵੀ ਵੱਖ ਵੱਖ ਥਾਵਾਂ ਉੱਤੇ ਲਗਾਏ ਗਏ।