ਰਾਏਕੋਟ, 13 ਨਵੰਬਰ (ਚਮਕੌਰ ਸਿੰਘ ਦਿਓਲ) : ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਥਾਪੇ ਗਏ ਬਿਕਰਮਜੀਤ ਸਿੰਘ ਖਾਲਸਾ ਵਲੋਂ ਪਾਰਟੀ ਗਤੀਵਿਧੀਆਂ ਨੂੰ ਅੱਗੇ ਤੋਰਦੇ ਹੋਏ ਹਲਕੇ ਵਿੱਚ ਵਰਕਰ ਮਿਲਣੀ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਅੱਜ ਸ. ਖਾਲਸਾ ਪਾਰਟੀ ਵਰਕਰ ਨਾਥ ਸਿੰਘ ਦੇ ਗ੍ਰਹਿ ਵਿਖੇ ਸਾਬਕਾ ਕੌਂਸਲਰ ਬੂਟਾ ਸਿੰਘ ਛਾਪਾ ਦੀ ਅਗਵਾਈ ’ਚ ਰੱਖੀ ਗਈ ਇੱਕ ਵਰਕਰ ਮੀਟਿੰਗ ’ਚ ਪੁੱਜੇ। ਇਸ ਮੌਕੇ ਸ. ਖਾਲਸਾ ਨੇ ਜਿੱਥੇ ਪਾਰਟੀ ਵਰਕਰਾਂ ਨੂੰ ਇੱਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਉੱਥੇ ਸੂਬਾ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ‘ਆਪ’ ਸਰਕਾਰ ਸੂਬੇ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਵਿੱਚ ਪੂਰੀ ਤਰਾਂ ਫੇਲ ਹੋ ਚੁੱਕੀ ਹੈ, ਰੋਜ਼ਾਨਾ ਸੂਬੇ ਵਿੱਚ ਕਤਲੋਂ ਗਾਰਤ ਅਤੇ ਲੱਟ ਖਸੁੱਟ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ ਅਤੇ ਦੋਸ਼ੀ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ। ਜਦਕਿ ਮੁੱਖ ਮੰਤਰੀ ਆਪਣੇ ਦਿੱਲੀ ਵਾਲੇ ਬੌਸ ਨਾਲ ਹੋਰਨਾਂ ਸੂਬਿਆਂ ਵਿੱਚ ਪਾਰਟੀ ਦਾ ਚੋਣ ਪ੍ਰਚਾਰ ਕਰਨ ਵਿੱਚ ਮਸ਼ਗੂਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਬੂਟਾ ਸਿੰਘ ਛਾਪਾ, ਬਲਜੀਤ ਸਿੰਘ ਲਾਡੂ ਬਾਬਾ, ਸਿਕੰਦਰ ਸਿੰਘ, ਲਖਵੀਰ ਸਿੰਘ, ਪ੍ਰਕਾਸ਼ ਸਿੰਘ, ਹਰਮੇਲ ਸਿੰਘ, ਹਰਚੰਦ ਸਿੰਘ, ਡਾ. ਰਵਿੰਦਰ ਸਿੰਘ, ਜਗਮੇਲ ਸਿੰਘ ਰਾਜੂ, ਜਗਦੇਵ ਸਿੰਘ ਤਾਜਪੁਰ, ਮਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਲਖਵੀਰ ਸਿੰਘ ਤੋਂ ਇਲਾਵਾ ਹੋਰ ਵੀ ਮੌਜ਼ੂਦ ਸਨ।