- ਸੰਤ ਰਾਮ ਉਦਾਸੀ ਦੀ ਕਵਿਤਾ ਵਿੱਚੋਂ ਦੱਬੇ ਕੁਚਲੇ ਵਰਗ ਦੀ ਬੰਧਨ ਮੁਕਤੀ ਲਈ ਲੋਕ ਸੰਘਰਸ਼ ਮਰਯਾਦਾ ਸਿਰ ਚੜ੍ਹ ਬੋਲਦੀ ਹੈ : ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾ, 24 ਅਪ੍ਰੈਲ : ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਵਿਚਾਰ ਮੰਚ ਵਲੋਂ ਸੰਤ ਰਾਮ ਉਦਾਸੀ ਜੀ ਦਾ 84 ਵਾਂ ਜਨਮ ਦਿਹਾੜਾ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸੁਆਗਤੀ ਸ਼ਬਦ ਬੋਲਦਿਆਂ ਮੰਚ ਦੇ ਪ੍ਰਧਾਨ ਜਗਸ਼ਰਨ ਸਿੰਘ ਛੀਨਾ ਨੇ ਕਿਹਾ ਕਿ ਰਾਏਸਰ(ਬਰਨਾਲਾ) ਦੇ ਜੰਮਪਲ ਸੰਤ ਰਾਮ ਉਦਾਸੀ ਜੀ ਨੇ ਦੱਬੇ ਕੁਚਲ੍ਹੇ ਸਮਾਜ ਦੇ ਮਿਹਨਤਕਸ਼ ਲੋਕਾਂ ਅਤੇ ਕਿਰਤੀ ਕਿਸਾਨਾਂ ਦੇ ਹੱਕਾਂ ਲਈ ਆਪਣੀਆਂ ਲਿਖਤਾਂ ਰਾਹੀਂ ਬਿਨਾਂ ਕਿਸੇ ਝਿਜਕ ਦੇ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਅਤੇ ਨਾਲ਼ ਹੀ ਆਪਣੀ ਜੋਸ਼ੀਲੀ ਆਵਾਜ਼ ਵਿੱਚ ਗੀਤਾਂ ਰਾਹੀਂ ਕਿਸਾਨਾਂ ਅਤੇ ਕਿਰਤੀਆਂ ਨੂੰ ਜਗਾਉਣ ਲਈ ਹਲੂਣਾ ਦਿੱਤਾ। ਇਸ ਮੌਕੇ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਦਾਸੀ ਦੀ ਸ਼ਾਇਰੀ ਦੱਬੇ ਕੁਚਲੇ ਵਰਗ ਦੀ ਬੰਧਨ ਮੁਕਤੀ ਦੇ ਬਿਗਲ ਵਰਗੀ ਸੀ। ਉਸ ਨੇ ਪੰਜਾਬ ਦੀ ਅਣਖ਼ੀਲੀ ਮਾਣਮੱਤੀ ਸੰਘਰਸ਼ੀ ਵਿਰਾਸਤ ਦੇ ਹਵਾਲੇ ਦੇ ਕੇ ਸਮੇਂ ਦੀਆਂ ਹਕੂਮਤਾਂ ਨੂੰ ਵੰਗਾਰਿਆ ਅਤੇ ਲੋਕਾਂ ਨੂੰ ਵੀ ਕਿਰਤ ਨੂੰ ਲੁੱਟ ਤੋਂ ਬਚਾਉਣ ਅਤੇ ਜਾਗਗ ਕੇ ਵੈਰੀ ਦੀ ਜੜ੍ਹ ਪੁੱਟਣ ਲਈ ਹਲੂਣਿਆ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਰਵਿੰਦਰ ਭੱਠਲ , ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸੈਕਟਰੀ ਡਾ.ਗੁਰਇਕਬਾਲ ਸਿੰਘ, ਡਾ.ਗੁਲਜ਼ਾਰ ਸਿੰਘ ਪੰਧੇਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਆਪਣੇ ਸੰਬੋਧਨ ਵਿੱਚ ਸਭਨਾਂ ਨੇ ਸੰਤ ਰਾਮ ਉਦਾਸੀ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਲੋਕ ਜਗਾਊ ਲਿਖਤਾਂ ਤੇ ਭਰਪੂਰ ਚਾਨਣਾ ਪਾਇਆ। ਬਰਨਾਲਾ ਤੋਂ ਪੁੱਜੀ ਸੰਤ ਰਾਮ ਉਦਾਸੀ ਦੀ ਪੁੱਤਰੀ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਨੂੰ ਇਸ ਮੌਕੇ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਆਪਣੇ ਪਿਤਾ ਜੀ ਦੇ ਓਸ ਵੇਲ੍ਹੇ ਦੇ ਅਤਿਅੰਤ ਦੁਖਦਾਈ ਅਤੇ ਸ਼ੰਘਰਸ਼ ਮਈ ਦਿਨਾਂ ਨੂੰ ਯਾਦ ਕਰਵਾ ਕੇ ਹਰ ਅੱਖ ਨੂੰ ਨਮ ਕਰ ਦਿੱਤਾ ।ਉਪਰੰਤ ਉਦਾਸੀ ਜੀ ਦੀਆਂ ਕਵਿਤਾਵਾਂ ਅਤੇ ਗੀਤ ਨਾਲ ਵੀ ਸਰੋਤਿਆਂ ਦੀ ਸਾਂਝ ਪੁਆਈ। ਸ਼੍ਰੋਮਣੀ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਨੇ ਉਦਾਸੀ ਜੀ ਦਾ ਤਰੱਨਮ ਚ ਗੀਤ ਸੁਣਾ ਕੇ ਵਾਹ ਵਾਹ ਖੱਟੀ। ਡਾ. ਸੁਰਜੀਤ ਸਿੰਘ ਦੌਧਰ ਨੇ ਵੀ ਉਦਾਸੀ ਜੀ ਨਾਲ ਸਬੰਧਿਤ ਯਾਦਾਂ ਤੇ ਉਨ੍ਹਾਂ ਦੀ ਰਚਨਾ ਦੇ ਹਵਾਲੇ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਕੇ ਸਾਧੂ ਸਿੰਘ , ਬਾਪੂ ਬਲਕੌਰ ਸਿੰਘ ਗਿੱਲ, ਗੀਤਕਾਰ ਸਰਬਜੀਤ ਸਿੰਘ ਵਿਰਦੀ,ਬੁੱਧ ਸਿੰਘ ਨੀਲੋਂ ਤੇ ਮਹਿੰਦਰ ਸਿੰਘ ਸੇਖੋਂ ਨੇ ਵੀ ਉਦਾਸੀ ਜੀ ਨੂੰ ਆਪਣੇ ਆਪਣੇ ਵਿਚਾਰਾਂ ਸਹਿਤ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰਾਜ ਗਰੇਵਾਲ ਅਮਰੀਕਾ, ਉੱਘੀ ਕਹਾਣੀਕਾਰਾ ਮੈਡਮ ਇੰਦਰਜੀਤ ਪਲ ਕੌਰ, ਕਮਾਂਡਰ ਭੁਪਿੰਦਰ ਸਿੰਘ ਧਾਲੀਵਾਲ(ਚੌਂਕੀਮਾਨ)ਡਾ.ਬਲਵਿੰਦਰ ਗਲੈਕਸੀ,ਨਾਟਕਕਾਰ ਮੋਹੀ ਅਮਰਜੀਤ, ਸੰਪੂਰਨ ਸਨਮ ਸਾਹਨੇਵਾਲ, ਡਾਃ ਸੋਮਪਾਲ ਹੀਰਾ, ਸੰਧੇ ਸੁਖਬੀਰ ,ਗੁਰਵਿੰਦਰ ਸ਼ੇਰਗਿੱਲ, ਪਰਮਿੰਦਰ ਅਲਬੇਲਾ, ਮਲਕੀਤ ਮਾਲੜਾ, ਰਵਿੰਦਰ ਸਿੰਘ ਛੀਨਾ, ਰਾਜਬੀਰ ਸਿੰਘ ਅਤੇ ਹੋਰ ਸਾਹਿਤਕਾਰ ਤੇ ਕਵੀ ਜਨ ਹਾਜ਼ਰ ਸਨ। ਇਸ ਸਾਰੇ ਪ੍ਰੋਗਰਾਮ ਦੀ ਕਵਰੇਜ ਆਈ ਪੀ ਐਲ ਸਿੰਘ ਪ੍ਰੋਡਕਸਨਸ ਨੇ ਕੀਤੀ। ਸਟੇਜ ਸੰਚਾਲਨ ਦੀ ਜੁੰਮੇਵਾਰੀ ਗਾਇਕ ਤੇ ਲੋਕ ਕਵੀ ਸੰਤ ਰਾਮ ਉਦਾਸੀ ਮੰਚ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਸ਼ੇਰਪੁਰੀ ਨੇ ਬਾ-ਖੂਬੀ ਨਿਭਾਈ ਅੰਤ ਵਿੱਚ ਪ੍ਰਧਾਨ ਜਗਸ਼ਰਨ ਸਿੰਘ ਛੀਨਾ ਨੇ ਆਏ ਹੋਏ ਸਾਰੇ ਪਤਵੰਤਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।