- ਖਿਡਾਰੀਆਂ ਵੱਲੋਂ ਤਗਮੇ ਜਿਤਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਈ ਮਾਣ ਵਾਲੀ ਗੱਲ-ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੰਗਲੇ ਪੰਜਾਬ ਦੇ ਸੁਪਨੇ ਨੂੰ ਬੁਰ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਦਾ ਅਸਰ ਵੀ ਦਿਖਣ ਲਗ ਪਿਆ ਹੈ। ਖੇਡ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਨਗਦ ਇਨਾਮ ਵੰਡ ਸਮਾਰੋਹ ਦੌਰਾਨ ਰਾਸ਼ਟਰੀ ਖੇਡਾਂ 2022 ਵਿਚ ਤਗਮੇ ਜਿਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿਚ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 6 ਖਿਡਾਰੀਆਂ ਨੂੰ ਕਰੀਬ 20 ਲੱਖ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਇਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ ਬੜੇ ਮਾਣ ਵਾਲੀ ਗਲ ਹੈ। ਉਨ੍ਹਾਂ ਕਿਹਾ ਕਿ 6 ਖਿਡਾਰੀਆਂ ਵਿਚੋਂ 4 ਲੜਕੀਆਂ ਵੀ ਹਨ ਜੋ ਕਿ ਦਰਸ਼ਾਉਂਦੀਆਂ ਹਨ ਕਿ ਲੜਕੀਆਂ ਕਿਸੇ ਖੇਤਰ ਵਿਚ ਲੜਕਿਆਂ ਨਾਲੋਂ ਪਿਛੇ ਨਹੀਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੋਜਵਾਨ ਵਰਗ ਆਪਣੇ ਭਵਿੱਖ ਪ੍ਰਤੀ ਸੁਚੇਤ ਹੈ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣ ਵੱਲ ਉਜਾਗਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੌਜਵਾਨ ਪੀੜੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਦਲਦਲ ਵਿਚ ਫਸਣ ਦੀ ਬਜਾਏ ਖੇਡਾਂ ਖੇਡਣ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਸ਼ਰੀਰ ਤਾਂ ਤੰਦਰੁਸਤ ਰਹਿੰਦਾ ਹੈ ਉਥੇ ਨਕਾਰਾਤਮਕ ਵਿਚਾਰਾਂ ਤੋਂ ਵੀ ਬਚਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਲੜਕਿਆਂ ਦੇ ਨਾਲ ਨਾਲ ਲੜਕੀਆਂ ਵੀ ਖੇਡਾਂ ਵੱਲ ਆਪਣਾ ਧਿਆਨ ਕੇਂਦਰਿਤ ਕਰ ਰਹੀਆਂ ਹਨ। ਅਨਿੰਦਰਵੀਰ ਕੌਰ ਜਿ਼ਲ੍ਹਾ ਖੇਡ ਅਫਸਰ ਦੇ ਅਨੁਸਾਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 6 ਖਿਡਾਰੀਆਂ ਨੇ ਭਾਗ ਲਿਆ।ਸਾਫਟਬਾਲ ਗੇਮ ਦੀ ਖਿਡਾਰਨ ਰਮਨਦੀਪ ਕੌਰ ਨੂੰ 5 ਲੱਖ ਦੀ ਰਾਸ਼ੀ , ਐਥਲੈਟਿਕਸ ਗੇਮ ਦੇ ਖਿਡਾਰੀ ਕਰਨਵੀਰ ਸਿੰਘ ਨੂੰ 3 ਲੱਖ ਦੀ ਰਾਸ਼ੀ, ਐਥਲੈਟਿਕਸ ਗੇਮ ਦੀ ਖਿਡਾਰਨ ਮਨਪ੍ਰੀਤ ਕੌਰ ਨੂੰ 3 ਲੱਖ ਦੀ ਰਾਸ਼ੀ, ਬਾਸਕਿਟਬਾਲ ਗੇਮ ਦੇ ਖਿਡਾਰੀ ਪਾਲਪ੍ਰੀਤ ਸਿੰਘ ਨੂੰ 3 ਲੱਖ ਦੀ ਰਾਸ਼ੀ ਅਤੇ ਨੈੱਟਬਾਲ ਗੇਮ ਦੀਆਂ ਖਿਡਾਰਨਾਂ ਪਰਵਿੰਦਰ ਕੌਰ ਅਤੇ ਪੂਜਾ ਕੌਰ ਨੂੰ 3-3 ਲੱਖ ਦੀ ਰਾਸ਼ੀ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਨਮਾਨਿਤ ਕੀਤਾ ਹੈ।