ਫ਼ਰੀਦਕੋਟ 29 ਫ਼ਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਫ਼ਰੀਦਕੋਟ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ. ਗੁਰਦਿੱਤ ਸਿੰਘ ਸੇਖੋ, ਐਮ.ਐਲ.ਏ ਫਰੀਦਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਸਾਦਿਕ ਵਿੱਚ ਪੈਂਦੀਆਂ ਤਿੰਨ ਲਿੰਕ ਸੜਕਾਂ ਦੀ ਰਿਪੇਅਰ ਲਈ 50.00 ਲੱਖ ਰੁਪਏ ਪ੍ਰਸ਼ਾਸਕੀ ਪ੍ਰਵਾਨਗੀ ਪੰਜਾਬ ਮੰਡੀ ਬੋਰਡ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਸ. ਸੇਖੋਂ ਨੇ ਕਿਹਾ ਕਿ ਜਲਦੀ ਹੀ ਇਨ੍ਹਾਂ ਸੜਕਾਂ ਦੀ ਰਿਪੇਅਰ ਦੇ ਟੈਂਡਰ ਲਗਾ ਕੇ ਕੰਮ ਸੁਰੂ ਕਰਵਾ ਦਿੱਤਾ ਜਾਵੇਗਾ। ਇਨ੍ਹਾਂ ਰਿਪੇਅਰ ਹੋਣ ਵਾਲੀਆਂ ਸੜਕਾਂ ਵਿੱਚ ਡੱਲੇਵਾਲਾ ਤੋਂ ਗੋਲੇਵਾਲਾ ਰੋਡ ਤੋਂ ਘੋਨੀਵਾਲਾ ਤੋਂ ਡੇਰਾ ਖਿਲਚੀਆਂ ਲਈ 19.00 ਲੱਖ ਰੁਪਏ ਅਤੇ ਫਰੀਦਕੋਟ ਸਾਦਿਕ ਰੋਡ ਤੋਂ ਜੰਡ ਵਾਲਾ ਪੁੱਲ ਤੋਂ ਗੁਰਦੁਆਰਾ ਬਾਊਲੀ ਸਾਹਿਬ ਲਈ 12.50 ਲੱਖ ਰੁਪਏ ਅਤੇ ਪੱਖੀ ਖੁਰਦ ਤੋਂ ਸਾਦਾਂ ਵਾਲਾ ਤੋਂ ਘੋਨੀਵਾਲਾ ਰੋਡ ਲਈ 18.50 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਫਰੀਦਕੋਟ ਵਿੱਚ ਪੈਂਦੀਆਂ ਤਿੰਨ ਲਿੰਕ ਸੜਕਾਂ ਦੀ ਰਿਪੇਅਰ ਲਈ ਪੰਜਾਬ ਮੰਡੀ ਬੋਰਡ ਵੱਲੋਂ 1.24 ਕਰੋੜ ਰੁਪਏ ਦੀ ਪ੍ਰਸ਼ਾਸ਼ਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਦੇ ਕਰ ਰਹੀ ਹੈ ਅਤੇ ਇਨ੍ਹਾਂ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਨੁਹਾਰ ਬਦਲਣ ਲਈ ਵੱਖ ਵੱਖ ਵਿਕਾਸ ਕਾਰਜ ਚੱਲ ਰਹੇ ਹਨ ਜੋ ਕਿ ਮਿੱਥੇ ਸਮੇਂ ਵਿੱਚ ਪੂਰੇ ਕਰ ਲਏ ਜਾਣਗੇ।