- 19 ਸਾਲਾਂ ਤੋਂ ਨਿਆਂ ਮੰਗ ਰਿਹਾ ਪਰਿਵਾਰ 14 ਮਹੀਨੇ ਤੋਂ ਬੈਠਾ ਏ ਧਰਨੇ 'ਤੇ !
ਜਗਰਾਉਂ, 19 ਮਈ (ਰਛਪਾਲ ਸਿੰਘ ਸ਼ੇਰਪੁਰੀ) : ਸਥਾਨਕ ਥਾਣੇ ਮੂਹਰੇ ਧਰਨਾ ਲਗਾਈ ਬੈਠੇ ਧਰਨਾਕਾਰੀਆਂ ਦਾ ਇੱਕ ਵਫਦ ਬੀਤੇ ਕੱਲ 412ਵੇਂ ਦਿਨ ਨਿੱਜ਼ੀ ਦੌਰੇ 'ਤੇ ਜਗਰਾਉਂ ਪੁੱਜੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪੂਨਮ ਕਾਂਗੜ ਨੂੰ ਮਿਲਿਆ ਅਤੇ ਮੁਕੱਦਮੇ ਦੇ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ, ਏਅੈਸਆਈ ਰਾਜਵੀਰ ਤੇ ਸਰਪੰਚ ਦੀ ਗ੍ਰਿਫਤਾਰੀ ਮੰਗ ਕੀਤੀ ਗਈ। ਇਸ ਸਮੇਂ ਵਫਦ ਦੀ ਅਗਵਾਈ ਕਰ ਰਹੇ ਧਰਨਾਕਾਰੀ ਜੱਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਮਿਸ਼ਨ ਨੂੰ ਦੱਸਿਆ ਪੀੜ੍ਹਤ ਪਰਿਵਾਰ 19 ਸਾਲਾਂ ਤੋਂ ਨਿਆਂ ਮੰਗ ਰਿਹਾ ਏ ਪਰ ਹੁਣ ਪਿਛਲੇ 14 ਮਹੀਨੇ ਤੋਂ ਥਾਣੇ ਮੂਹਰੇ ਪੱਕੇ ਧਰਨੇ 'ਤੇ ਬੈਠਾ ਹੈ ਪਰ ਪੁਲਿਸ ਅਧਿਕਾਰੀ ਅੱਤਿਆਚਾਰਾਂ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਦਰਜ ਮੁਕੱਦਮੇ ਨੂੰ ਖਾਰਜ਼ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ ਜਦ ਹੁਣ ਤੱਕ ਧਰਨੇ ਵਿੱਚ 4 ਧਰਨਾਕਾਰੀ ਸ਼ਹੀਦ ਹੋ ਚੁੱਕੇ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬੂਟਾ ਸਿੰਘ ਹਾਂਸ ਨੇ ਕਿਹਾ ਕਿ ਪੁਲਿਸ ਅਧਿਕਾਰੀ ਦੋਸ਼ੀਆਂ ਦੇ ਦਬਾਅ 'ਚ ਪੱਖਪਾਤੀ ਕਾਰਵਾਈ ਕਰ ਰਹੇ ਹਨ। ਇਸ ਸਮੇਂ ਸੀਪੀਅੈਮ ਦੇ ਸ਼ਹਿਰੀ ਪ੍ਰਧਾਨ ਬਲਵੰਤ ਸਿੰਘ ਭੱਟੀ, ਸੀਟੂ ਆਗੂ ਭਰਭੂਰ ਸਿੰਘ ਦੇਹੜਕਾ, ਬਹੁਜਨ ਆਗੂ ਹਰਜੀਤ ਸਿੰਘ ਲੀਲ੍ਹਾ ਨੇ ਵੀ ਪੁਲਿਸ ਦੇ ਵਤੀਰੇ ਦੀ ਨਿਖੇਧੀ ਕਰਦਿਆਂ ਕਮਿਸ਼ਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਤੇ ਰਾਜਵੀਰ ਨੇ ਅੱਧੀ ਰਾਤ ਪਿੰਡ ਰਸੂਲਪੁਰ ਦੀ ਮਾਂ-ਧੀ ਨੂੰ ਅਗਵਾ ਕਰਕੇ, ਨਜ਼ਾਇਜ ਹਿਰਾਸਤ 'ਚ ਥਾਣੇ 'ਚ ਅੱਤਿਆਚਾਰ ਕੀਤਾ ਸੀ ਅਤੇ ਨੌਜਵਾਨ ਧੀ ਕੁਲਵੰਤ ਕੌਰ ਨੂੰ ਕਰੰਟ ਲਗਾਇਆ ਸੀ ਜਿਸ ਕਾਰਨ ਕੁਲਵੰਤ ਕੌਰ ਨਕਾਰਾ ਜੋ ਕੇ ਮੌਤ ਦੇ ਮੂੰਹ ਚਲੀ ਗਈ ਸੀ ਅਤੇ ਮੌਤ ਤੋਂ ਬਾਦ ਪੁਲਿਸ ਨੇ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕਰ ਲਿਆ ਸੀ ਪਰ ਅੱਜ ਤੱਕ ਗ੍ਰਿਫਤਾਰੀ ਨਹੀਂ ਪਾਈ। ਇਸ ਸਮੇਂ ਮਾਸਟਰ ਬਲਵਿੰਦਰ ਸਿੰਘ ਵੀ ਹਾਜ਼ਰ ਸਨ।