ਅਬੋਹਰ (ਫਾਜ਼ਿਲਕਾ) 12 ਮਾਰਚ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਬੋਹਰ ਉਪਮੰਡਲ ਦੇ ਚਾਰ ਪਿੰਡਾਂ ਵਿੱਚ ਬਣਾਈਆਂ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਅੱਜ ਲੋਕ ਸਮਰਪਿਤ ਕੀਤਾ ਗਿਆ। ਇਹ ਪ੍ਰੋਜੈਕਟ ਜਲ ਸਪਲਾਈ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਜੀ ਦੀ ਗਤੀਸ਼ੀਲ ਅਗਵਾਈ ਹੇਠ ਮੁਕੰਮਲ ਹੋਏ ਹਨ। ਇਸ ਸਬੰਧੀ ਕਰਵਾਏ ਸਮਾਗਮਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਨੀਤਾ ਦਰਸ਼ੀ ਅਤੇ ਸਾਬਕਾ ਵਿਧਾਇਕ ਸ੍ਰੀ ਅਰੁਣ ਨਾਰੰਗ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਜਿਨਾਂ ਨੇ ਇਹ ਪ੍ਰੋਜੈਕਟ ਪਿੰਡਾਂ ਦੇ ਲੋਕਾਂ ਨੂੰ ਸਮਰਪਿਤ ਕੀਤੇ। ਇਸ ਦੌਰਾਨ ਪਿੰਡ ਤੂਤ ਵਾਲਾ ਵਿੱਚ 2.98 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਜਲ ਸਪਲਾਈ ਸਕੀਮ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸੇ ਤਰ੍ਹਾਂ 3.43 ਕਰੋੜ ਰੁਪਏ ਨਾਲ ਭੰਗਰ ਖੇੜਾ ਵਿੱਚ ਬਣੀ ਜਲ ਸਪਲਾਈ ਸਕੀਮ ਨੂੰ ਵੀ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਪਿੰਡ ਪਟੀ ਬੀਹਲਾ ਵਿੱਚ 3.39 ਕਰੋੜ ਰੁਪਏ ਨਾਲ ਨਵਾਂ ਵਾਟਰ ਵਰਕਸ ਬਣਿਆ ਹੈ। ਪਿੰਡ ਕਿਲਿਆਂਵਾਲੀ ਵਿੱਚ 3.94 ਕਰੋੜ ਰੁਪਏ ਨਾਲ ਨਵੀਂ ਵਾਟਰ ਸਕੀਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਸ਼੍ਰੀ ਅਰੁਣ ਨਾਰੰਗ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹਈਆ ਕਰਵਾਉਣ ਲਈ ਦ੍ਰਿੜ ਸੰਕਲਪਿਤ ਹੈ। ਉਹਨਾਂ ਨੇ ਕਿਹਾ ਕਿ ਪਿੰਡ ਪੱਤਰੇ ਵਾਲਾ ਵਿਖੇ ਇੱਕ ਨਹਿਰੀ ਪਾਣੀ ਤੇ ਅਧਾਰਤ ਮੈਗਾ ਵਾਟਰ ਵਰਕਸ ਵੀ ਬਣ ਰਿਹਾ ਹੈ ਜਿਸ ਦੇ ਪੂਰਾ ਹੋਣ ਤੇ ਇਲਾਕੇ ਦੇ ਸਾਰੇ ਪਿੰਡਾਂ ਨੂੰ ਉਥੋਂ ਵੀ ਸਾਫ ਸੁਥਰਾ ਨਹਿਰੀ ਪਾਣੀ ਸਪਲਾਈ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸੀ ਨੇ ਕਿਹਾ ਕਿ ਸਾਫ ਸੁਥਰਾ ਪਾਣੀ ਮਿਲਣ ਨਾਲ ਲੋਕ ਪੀਣ ਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਣਗੇ ਅਤੇ ਤੰਦਰੁਸਤ ਹੋਣਗੇ। ਉਹਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਆਪਣੇ ਪਿੰਡ ਦੀ ਜਲ ਸਪਲਾਈ ਸਕੀਮ ਦੀ ਯੋਗ ਤਰੀਕੇ ਨਾਲ ਸੰਭਾਲ ਕਰਨ। ਇਸ ਸਬੰਧੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅੰਮ੍ਰਿਤ ਦੀਪ ਸਿੰਘ ਭੱਠਲ ਨੇ ਦੱਸਿਆ ਕਿ ਇਹਨਾਂ ਪਿੰਡਾਂ ਵਿੱਚ ਨਵੀਆਂ ਜਲ ਸਪਲਾਈ ਸਕੀਮਾਂ ਤੋਂ ਪਿੰਡ ਦੇ ਸਾਰੇ ਘਰਾਂ ਤੱਕ ਟੂਟੀ ਨਾਲ ਜਲ ਪੁਜਦਾ ਕੀਤਾ ਗਿਆ ਹੈ ਅਤੇ ਇਸ ਨਾਲ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮਿਲੇਗਾ। ਇਸ ਨਾਲ ਹਰ ਵਿਅਕਤੀ ਨੂੰ ਪ੍ਰਤੀ ਦਿਨ 70 ਲੀਟਰ ਸਾਫ ਸੁਥਰਾ ਪੀਣ ਵਾਲਾ ਪਾਣੀ ਮਿਲੇਗਾ। ਇਸ ਮੌਕੇ ਰਤਨਜੋਤ ਸਿੰਘ ਢਿੱਲੋ ਐਸ ਡੀ ਓ ਖੂਈਆਂ ਸਰਵਰ,ਸੁਖਜਿੰਦਰ ਸਿੰਘ ਢਿੱਲੋਂ ਆਈਈਸੀ ਅਬੋਹਰ, ਰਾਕੇਸ਼ ਕੁਮਾਰ ਜੇਈ, ਵਿਨੋਦ ਕੁਮਾਰ ਜੇਈ, ਆਪ ਦੇ ਜਨਰਲ ਸਕੱਤਰ ਉਪਕਾਰ ਸਿੰਘ ਜਾਖੜ ਵੀ ਹਾਜਰ ਸਨ।