ਫਾਜਿ਼ਲਕਾ, 19 ਅਪ੍ਰੈਲ : ਫਾਜਿ਼ਲਕਾ ਜਿ਼ਲ੍ਹੇ ਵਿਚ ਵੱਖ ਵੱਖ ਖਰੀਦ ਏਂਜਸੀਆਂ ਵੱਲੋਂ ਜਿੱਥੇ ਕਣਕ ਦੀ ਨਿਰਵਿਘਨ ਖਰੀਦ ਜਾਰੀ ਹੈ ਉਥੇ ਹੀ ਕਿਸਾਨਾਂ ਨੂੰ ਫਸਲ ਦੀ ਨਾਲੋ ਨਾਲ ਅਦਾਇਗੀ ਕਰਨ ਵਿਚ ਵੀ ਏਂਜਸੀਆਂ ਸਲਾਘਾਯੋਗ ਕੰਮ ਕਰ ਰਹੀਆਂ ਹਨ। ਦੂਜ਼ੇ ਪਾਸੇ ਬੁੱਧਵਾਰ ਨੂੰ ਲਿਫਟਿੰਗ ਦੀ ਆ ਰਹੀਆਂ ਦਿੱਕਤਾਂ ਵੀ ਦੂਰ ਹੋ ਗਈਆਂ ਹਨ ਅਤੇ ਜਿ਼ਲ੍ਹੇ ਵਿਚ ਤੇਜੀ ਨਾਲ ਮੰਡੀਆਂ ਵਿਚੋਂ ਲਿਫਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਫਾਜਿ਼ਲਕਾ ਦੀ ਮੰਡੀ ਦਾ ਦੌਰਾ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 48 ਘੰਟਿਆਂ ਅੰਦਰ ਕਿਸਾਨਾਂ ਨੂੰ ਅਦਾਇਗੀ ਕਰਨ ਦੇ ਨਿਰਦੇਸ਼ਾਂ ਦੀ ਜਿ਼ਲ੍ਹੇ ਵਿਚ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 48 ਘੰਟੇ ਪਹਿਲਾਂ ਤੱਕ ਭਾਵ 17 ਅਪ੍ਰੈਲ ਤੱਕ ਜਿ਼ਲ੍ਹੇ ਵਿਚ ਸਰਕਾਰੀ ਏਂਜਸੀਆਂ ਵੱਲੋਂ 99297 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਅਤੇ ਇਸਦੀ 211.01 ਕਰੋੜ ਰੁਪਏ ਦੀ ਅਦਾਇਗੀ ਬਣਦੀ ਹੈ। ਪਰ ਜਿ਼ਲ੍ਹੇ ਵਿਚ ਵੱਖ ਵੱਖ ਖਰੀਦ ਏਂਜਸੀਆਂ ਵੱਲੋਂ 239.17 ਕਰੋੜ ਦੇ ਐਡਵਾਇਸ ਜਨਰੇਟ ਕੀਤੇ ਜਾ ਚੁੱਕੇ ਹਨ। ਭਾਵ 48 ਘੰਟੇ ਦੌਰਾਨ ਖਰੀਦੀ ਕੁਝ ਕਣਕ ਦੇ ਵੀ ਐਡਵਾਈਸ ਜਨਰੇਟ ਕੀਤੇ ਜਾ ਚੁੱਕੇ ਹਨ। ਇਸ ਤੋਂ ਬਾਅਦ ਕੁਝ ਸਮਾਂ ਬੈਂਕਿੰਗ ਟਰਾਂਸਫਰ ਪ੍ਰਣਾਲੀ ਵਿਚ ਲੱਗਦਾ ਹੈ ਅਤੇ ਹੁਣ ਤੱਕ 72.78 ਕਰੋੜ ਰੁਪਏ ਤਾਂ ਕਿਸਾਨਾਂ ਦੇ ਖਾਤਿਆਂ ਵਿਚ ਪਹੁੰਚ ਚੁੱਕੇ ਹਨ ਅਤੇ ਜਿਸ ਰਕਮ ਦੇ ਐਡਵਾਇਸ ਜਨਰੇਟ ਹੋ ਚੁੱਕੇ ਹਨ ਉਹ ਵੀ ਕੁਝ ਘੰਟਿਆਂ ਵਿਚ ਹੀ ਕਿਸਾਨਾਂ ਦੇ ਖਾਤੇ ਵਿਚ ਪਹੁੰਚ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪਨਗ੍ਰੇਨ ਵੱਲੋਂ 57.33 ਕਰੋੜ, ਮਾਰਕਫੈਡ ਵੱਲੋਂ 70.815 ਕਰੋੜ, ਪਨਸਪ ਵੱਲੋਂ 69.97 ਕਰੋੜ ਅਤੇ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 41.04 ਕਰੋੜ ਦੇ ਐਡਵਾਇਸ ਜਨਰੇਟ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਦੱਸਿਆ ਕਿ ਮੰਡੀਆਂ ਵਿਚੋਂ ਲਿਫਟਿੰਗ ਦਾ ਕੰਮ ਸਾਰੀਆਂ ਮੰਡੀਆਂ ਵਿਚ ਸ਼ੁਰੂ ਹੋ ਗਿਆ ਹੈ ਅਤੇ ਸਿਰਫ ਬੁੱਧਵਾਰ ਨੂੰ ਬਾਅਦ ਦੁਪਹਿਰ ਤੱਕ 8026 ਮੀਟਰਿਕ ਟਨ ਕਣਕ ਦੀ ਲਿਫਟਿੰਗ ਮੰਡੀਆਂ ਵਿਚੋਂ ਕੀਤੀ ਜਾ ਚੁੱਕੀ ਹੈ ਜਦ ਕਿ ਮੰਡੀਆਂ ਵਿਚ ਕਣਕ ਦੀ ਚੁਕਾਈ ਤੇਜੀ ਨਾਲ ਜਾਰੀ ਹੈ। ਉਨ੍ਹਾਂ ਨੇ ਮੰਡੀ ਦੇ ਦੌਰੇ ਮੌਕੇ ਖਰੀਦ ਏਂਜਸੀਆਂ ਨੂੰ ਸਖ਼ਤੀ ਨਾਲ ਤਾੜਨਾ ਕੀਤੀ ਕਿ ਖਰੀਦ ਕੀਤੀ ਕਣਕ ਦੀ ਮੰਡੀਆਂ ਵਿਚੋਂ ਤੇਜੀ ਨਾਲ ਚੁਕਾਈ ਕਰਵਾਈ ਜਾਵੇ।ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿਚੋਂ 72 ਘੰਟੇ ਅੰਦਰ ਅੰਦਰ ਖਰੀਦ ਤੋਂ ਬਾਅਦ ਲਿਫਟਿੰਗ ਕੀਤੀ ਜਾਵੇ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁੱਕੀ ਫਸਲ ਹੀ ਮੰਡੀਆਂ ਵਿਚ ਲੈ ਕੇ ਆਉਣ ਅਤੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਮੁੜ ਭਰੋਸਾ ਦਿੱਤਾ ਕਿ ਸਰਕਾਰੀ ਏਂਜਸੀਆਂ ਵੱਲੋਂ ਕਣਕ ਦਾ ਦਾਣਾ ਦਾਣਾ ਖਰੀਦ ਕੀਤਾ ਜਾਵੇਗਾ।