- 30 ਮਈ ਤੋਂ 30 ਜੂਨ ਤੱਕ ਭਾਜਪਾ ਵਿੱਢੇਗੀ ਜਨ ਸਪੰਰਕ ਮੁਹਿੰਮ
ਮੁੱਲਾਂਪੁਰ ਦਾਖਾ, 26 ਮਈ (ਸਤਵਿੰਦਰ ਸਿੰਘ ਗਿੱਲ) : ਭਾਰਤੀ ਜਨਤਾ ਪਾਰਟੀ ਜਿਲ੍ਹਾ ਜਗਰਾਉਂ ਦੀ ਕਾਰਜਕਾਰਨੀ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਤੇ ਸਾਬਕਾ ਵਿਧਾਇਕ ਜਲੰਧਰ ਕੇ.ਡੀ. ਭੰਡਾਰੀ ਨੇ ਸ਼ਮੂਲੀਅਤ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇ.ਡੀ. ਭੰਡਾਰੀ ਨੇ ਕਿਹਾ ਕਿ ਰਾਜਸਥਾਨ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਵਾਂਗੇ। ਗੁਰਬਾਣੀ ਦੇ ਟੀ ਵੀ ਰਾਹੀਂ ਪ੍ਰਸਾਰਣ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਟੈਂਡਰ ਜਾਰੀ ਕਰਨਾ ਠੀਕ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਗੁਰਬਾਣੀ ਘਰ ਘਰ ਪਹੁੰਚੇ। ਉਹਨਾਂ ਕਿਹਾ ਕਿ 30 ਮਈ ਤੋਂ 30 ਜੂਨ ਤੱਕ ਭਾਜਪਾ ਵੱਲੋਂ ਸ਼ੁਰੂ ਕੀਤੀ ਜਾ ਰਹੀ ਜਨ ਸਪੰਰਕ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚੋਂ 6 ਮੰਡਲ ਦੇ 4 ਅਤੇ ਪ੍ਰਦੇਸ਼ ਦੇ 7 ਮੈਂਬਰਾਂ ਤੋਂ ਇਲਾਵਾ 2 ਕੇਂਦਰੀ ਮੰਤਰੀ ਵੀ ਮੁਹਿੰਮ ਦਾ ਹਿੱਸਾ ਬਣਨਗੇ। ਉਹਨਾਂ ਕਿਹਾ ਕਿ ਇੱਕ ਵਰਚੂਅਲ ਰਾਸ਼ਟਰੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ ਜਦਕਿ 1 ਤੋਂ 22 ਜੂਨ ਤੱਕ ਚਲਾਈ ਜਾ ਰਹੀ ਸੰਪਰਕ ਤੋਂ ਸਮਰਥਨ ਮੁਹਿੰਮ ਤਹਿਤ ਜ਼ਿਲ੍ਹੇ ਦੇ ਹਰੇਕ ਨਾਗਰਿਕ ਨਾਲ ਸਪੰਰਕ ਬਣਾਇਆ ਜਾਵੇਗਾ। ਇਸ ਦੌਰਾਨ ਖਿਡਾਰੀ, ਕਲਾਕਾਰ ਅਤੇ ਸ਼ਹੀਦ ਪਰਿਵਾਰਾਂ ਦੀ ਸੂਚੀ ਬਣਾਕੇ ਉਹਨਾਂ ਦਾ ਸਮਰਥਨ ਹਾਸਲ ਕੀਤਾ ਜਾਵੇਗਾ। ਦੇਸ਼ ਦੇ 396 ਲੋਕ ਸਭਾ ਹਲਕਿਆਂ ’ਚ 51 ਵੱਡੀਆਂ ਰੈਲੀਆਂ ਦਾ ਆਯੋਜਨ ਕੀਤੇ ਜਾਣ ਤੋਂ ਇਲਾਵਾ ਭਾਜਪਾ ਮੋਦੀ ਸਰਕਾਰ ਦੀਆਂ 9 ਸਾਲ ਦੀਆਂ ਪ੍ਰਾਪਤੀਆਂ ਦੱਸਣ ਲਈ ਹਰ ਘਰ ਜਾਵੇਗੀ ਅਤੇ ਲੋਕਾਂ ਨੂੰ ਸਮਰਥਨ ਲਈ ਉਤਸਾਹਿਤ ਕਰੇਗੀ। ਭੰਡਾਰੀ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜੂਨ ਨੂੰ ਵੀਡੀਓ ਕਾਨਫ੍ਰੰਸ ਰਾਹੀਂ 10 ਲੱਖ ਭਾਜਪਾ ਬੂਥ ਇੰਚਾਰਜਾਂ ਨਾਲ ਸਿੱਧੀ ਗੱਲਬਾਤ ਕਰਨਗੇ। ਇੱਕ ਹੋਰ ’ਵਿਕਾਸ ਤੀਰਥ ਮੁਹਿੰਮ’ ਦਾ ਜਿਕਰ ਕਰਦਿਆਂ ਭੰਡਾਰੀ ਨੇ ਦੱਸਿਆ ਕਿ ਇਸਦੇ ਤਹਿਤ ਭਾਜਪਾ ਪਿੰਡਾਂ ਅੰਦਰ ਜਾਵੇਗੀ ਅਤੇ ਕੇਂਦਰੀ ਸਕੀਮਾਂ ਦਾ ਮੁਆਇਨਾ ਕਰਕੇ ਲੋਕਾਂ ਨੂੰ ਜਾਗਰੂਕ ਕਰੇਗੀ। ਜਲੰਧਰ ਜਿਮਨੀ ਚੋਣ ਦੌਰਾਨ ਭਾਜਪਾ ਦੇ ਪਹਿਲਾਂ ਨਾਲੋਂ ਕਾਫ਼ੀ ਵਧੇ ਵੋਟ ਬੈਂਕ ਦਾ ਵੀ ਉਨ੍ਹਾਂ ਜਿਕਰ ਕੀਤਾ। ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਮੰਡਲ ਪ੍ਰਧਾਨ ਮੁੱਲਾਂਪੁਰ ਦਲਜੀਤ ਸ਼ਰਮਾ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਲੋਕ ਸਭਾ ਚੋਣਾ ਲਈ ਕਮਰਕੱਸ ਲੈਣ। ਹੋਰਨਾਂ ਤੋਂ ਇਲਾਵਾ ਇਸ ਸਮੇਂ ਸਾਬਕਾ ਵਿਧਾਇਕ ਹਰਜੋਤ ਕਮਲ ਮੋਗਾ, ਚੇਅਰਮੈਨ ਗੇਜਾ ਰਾਮ, ਡਾਕਟਰ ਰਜਿੰਦਰ ਸ਼ਰਮਾ, ਸੰਜੀਵ ਢੰਡ, ਭੁਪਿੰਦਰ ਸਿੰਘ, ਅੰਕੁਸ਼ ਧੀਰ, ਕ੍ਰਿਸ਼ਨ ਕੁਮਾਰ, ਪ੍ਰਦੀਪ ਜੰਡ, ਦਰਸ਼ਨ ਗਿੱਲ, ਲਖਵਿੰਦਰ ਕੌਰ ਗੁੱਜਰਵਾਲ, ਗੁਰਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ, ਸੰਦੀਪ ਕੌਰ, ਰਮੇਸ਼ ਸਿੰਗਲਾ, ਤਰਸੇਮ ਭਾਰਦਵਾਜ, ਗੁਰਤੇਜ ਸਿੰਘ ਗਾਲਿਬ ਮੰਡਲ ਪ੍ਰਧਾਨ, ਪਰਮਜੀਤ ਸਿੰਘ, ਸੁਖਪਾਲ ਸਿੰਘ, ਬਾਲ ਕ੍ਰਿਸ਼ਨ ਗਰਗ, ਬਲਰਾਜ ਸਿੰਘ ਭੱਠਲ ਆਦਿ ਵੀ ਹਾਜ਼ਰ ਸਨ।