- ਸਮੂਹ ਵਿਧਾਇਕਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕੀਤੀ ਆਮ ਆਦਮੀ ਕਲੀਨਿਕਾਂ ਦੀ ਰਸਮੀ ਸ਼ੁਰੂਆਤ
ਮੋਗਾ, 5 ਮਈ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿੱਚ ਪਹਿਲਾਂ ਤੋਂ 500 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ। ਇਨ੍ਹਾਂ ਕਲੀਨਿਕਾਂ ਜਰੀਏ ਲੋਕਾਂ ਨੂੰ ਮਿਲ ਰਹੀਆਂ ਉੱਚ ਦਰਜੇ ਦੀਆਂ ਸਿਹਤ ਸਹੂਲਤਾ ਅਤੇ ਇਨ੍ਹਾਂ ਦੀ ਸਫ਼ਲਤਾ ਤੋਂ ਬਾਅਦ ਹੁਣ ਪੰਜਾਬ ਵਿੱਚ ਅੱਜ 80 ਹੋਰ ਨਵੇਂ ਮੁਹੱਲਾ ਕਲੀਨਿਕ ਲੋਕਾਂ ਨੂੰ ਪ੍ਰਭਾਵਸ਼ਾਲੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਖੁੱਲ੍ਹ ਚੁੱਕੇ ਹਨ।ਇਨ੍ਹਾਂ ਨਵੇਂ ਬਣੇ ਕਲੀਨਿਕਾਂ ਵਿੱਚੋਂ 12 ਆਮ ਆਦਮੀ ਕਲੀਨਿਕ ਜਿ਼ਲ੍ਹਾ ਮੋਗਾ ਦੇ ਹਿੱਸੇ ਆਏ ਹਨ। ਜਿੰਨ੍ਹਾਂ ਦੀ ਰਸਮੀ ਸ਼ੁਰੂਆਤ ਅੱਜ ਵੱਖ ਵੱਖ ਵਿਧਾਇਕਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੁਆਰਾ ਕੀਤੀ ਗਈ। ਮੋਗਾ ਦੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਆਮ ਆਦਮੀ ਕਲੀਨਿਕ ਕਿਸ਼ਨਪੁਰਾ ਅਤੇ ਜਲਾਲਾਬਾਦ ਦਾ ਉਦਘਾਟਨ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ, ਆਮ ਆਦਮੀ ਕਲੀਨਿਕ ਸੁਖਾਨੰਦ ਅਤੇ ਚੰਦ ਨਵਾਂ ਦਾ ਉਦਘਾਟਨ ਵਿਧਾਇਕ ਬਾਘਾਪੁਰਾਣਾ ਸ੍ਰ. ਅੰਮ੍ਰਿਤਪਾਲ ਸਿੰਘ ਸੁਖਾਨੰਦ, ਲੋਪੋਂ ਦੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ, ਆਮ ਆਦਮੀ ਕਲੀਨਿਕ ਮਾਣੂੰਕੇ ਦਾ ਉਦਘਾਟਨ ਉਪ ਮੰਡਲ ਮੈਜਸਟ੍ਰੇਟ ਸ੍ਰੀ ਰਾਮ ਸਿੰਘ, ਆਮ ਆਦਮੀ ਕਲੀਨਿਕ ਪੱਤੋ ਹੀਰਾ ਸਿੰਘ ਡਾ. ਸੁਖਪ੍ਰੀਤ ਸਿੰਘ ਐਸ.ਐਮ.ਓਂ ਵੱਲੋਂ, ਆਮ ਆਦਮੀ ਕਲੀਨਿਕ ਖੋਸਾ ਰਣਧੀਰ ਦਾ ਉਦਘਾਟਨ ਐਸ.ਐਮ.ਓ. ਰਜੇਸ਼ ਅੱਤਰੀ ਵੱਲੋਂ, ਆਮ ਆਦਮੀ ਕਲੀਨਿਕ ਰਾਉਕੇ ਕਲਾਂ ਦਾ ਉਦਘਾਟਨ ਐਸ.ਐਮ.ਓ. ਡਾ. ਸੰਜੇ ਪਵਾਰ ਵੱਲੋਂ, ਆਮ ਆਦਮੀ ਕਲੀਨਿਕ ਕੋਕਰੀ ਕਲਾਂ ਦਾ ਉਦਘਾਟਨ ਐਸ.ਐਮ.ਓ. ਰਜੇਸ਼ ਮਿੱਤਲ, ਵੱਲੋਂ ਕੀਤਾ ਗਿਆ। ਸਮੂਹ ਵਿਧਾਇਕਾਂ ਨੇ ਵੱਖ-ਵੱਖ ਮੁਹੱਲਾ ਕਲੀਨਿਕਾਂ ਦੇ ਉਦਘਾਟਨੀ ਸਮਾਰੋਹ ਵਿੱਚ ਆਪਣੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਮਿਸਾਲੀ ਤਬਦੀਲੀਆਂ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਨਵੇਂ ਬਣੇ ਆਮ ਆਦਮੀ ਕਲੀਨਿਕ ਸਿਹਤ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਸਾਬਿਤ ਹੋ ਰਹੇ ਹਨ। ਇਨ੍ਹਾਂ ਆਮ ਆਦਮੀ ਕਲੀਨਿਕਾਂ ਨਾਲ ਸਿਹਤ ਖੇਤਰ ਨੂੰ ਵੱਡਾ ਹੁਲਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਪਹਿਲਾਂ ਖੁੱਲ੍ਹੇ ਕਲੀਨਿਕਾਂ ਵਾਂਗ, ਇਨ੍ਹਾਂ ਕਲੀਨਿਕਾਂ ਵਿੱਚ ਵੀ ਵੱਖ-ਵੱਖ ਤਰ੍ਹਾਂ ਦੇ 45 ਟੈਸਟ ਅਤੇ 75 ਤਰ੍ਹਾਂ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਜਾਣਗੀਆਂ।ਉਨ੍ਹਾਂ ਦੱਸਿਆ ਕਿ ਕਲੀਨਿਕ ਦੇ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਿਲਣ ਲੱਗੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੂਬੇ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇਹ ਉਸਾਰੂ ਕਦਮ ਹੈ, ਜਿਸ ਦਾ ਲੋਕਾਂ ਨੂੰ ਭਰਪੂਰ ਲਾਹਾ ਮਿਲ ਰਿਹਾ ਹੈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਦੇ ਪਹਿਲਾਂ ਤੋਂ ਚੱਲ ਰਹੇ ਤਿੰਨ ਆਮ ਆਦਮੀ ਕਲੀਨਿਕਾਂ ਜਰੀਏ ਹੁਣ ਤੱਕ 80 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਵੱਲੋਂ ਸਿਹਤ ਸਹੂਲਤਾਂ ਲਈਆਂ ਗਈਆਂ ਹਨ। ਵੱਖ-ਵੱਖ ਮਰੀਜ਼ਾਂ ਦੇ 12 ਹਜ਼ਾਰ ਤੋਂ ਵਧੇਰੇ ਟੈਸਟ ਵੀ ਹੁਣ ਤੱਕ ਮੁਫ਼ਤ ਵਿੱਚ ਕਰਵਾਏ ਜਾ ਚੁੱਕੇ ਹਨ।