ਬਰਗਾੜੀ, ਬਹਿਬਲ ਗੋਲੀ ਕਾਂਡ , 328 ਸਰੂਪਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਇਕੱਠਿਆਂ ਕਰਾਂਗੇ : ਢੀਂਡਸਾ

ਅੰਮ੍ਰਿਤਸਰ, 19 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਚੋਣਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪਾਰਟੀ ਦੀ ਸਮੂਹ ਜਥੇਬੰਦੀ ਦੀ ਇਕ ਅਹਿਮ ਮੀਟਿੰਗ ਸ਼੍ਰੀ ਅੰਮ੍ਰਿਤਸਰ ਸਹਿਬ ਵਿਖੇ ਹੋਈ। ਪਾਰਟੀ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਸ ਸੁਖਦੇਵ ਸਿੰਘ ਢੀਂਡਸਾ ਨੇ ਆਉਣ ਵਾਲੀਆਂ ਐਸ ਜੀ ਪੀ ਸੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀਆਂ ਪੰਥ ਹਿਤੈਸ਼ੀ ਨੀਤੀਆਂ ਘਰ – ਘਰ ਪਹੁੰਚਾਉਣ ਦੀ ਅਪੀਲ ਕੀਤੀ। ਜਿਸ ਨਾਲ ਪਿਛਲੇ ਲੰਬੇ ਸਮੇਂ ਤੋਂ ਐਸ ਜੀ ਪੀ ਸੀ ਨੂੰ ਆਪਣੀ ਜਗੀਰ ਸਮਝਕੇ ਕਬਜਾ ਕਰਕੇ ਬੈਠੇ ਇੱਕ ਪਰਿਵਾਰ ਦਾ ਗ਼ਲਬਾ ਪੂਰਨ ਤੌਰ ਤੇ ਖਤਮ ਕੀਤਾ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਆਗੂਆਂ ਨੂੰ ਗੁਰਸਿੱਖ ਪਰਿਵਾਰਾਂ ਦੀਆਂ ਵੋਟਾਂ ਬਣਾਉਣ ਵਿਚ ਸਹਿਯੋਗ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਹਨਾਂ ਸਮੁੱਚੀ ਸਿੱਖ ਕੌਮ ਅਤੇ ਪੰਥਕ ਦਰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉ ਸਾਰੇ ਇੱਕ ਮੰਚ ਤੇ ਇਕੱਠੇ ਹੋ ਬਰਗਾੜੀ ਬੇਅਦਬੀ ਕਾਂਡ , ਬਹਿਬਲ ਗੋਲੀ ਕਾਂਡ, 328 ਗੁੰਮ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਦੋਸ਼ੀਆਂ ਅਤੇ ਚਿੱਟੇ ਦੇ ਵਪਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਬਾਦਲਾਂ ਦੇ ਪੰਥ ਦੋਖੀ ਉਮੀਦਵਾਰਾਂ ਦੇ ਮੁਕਾਬਲੇ ਇੱਕ ਦੇ ਵਿਰੁੱਧ ਇੱਕ ਉਮੀਦਵਾਰ ਖੜ੍ਹਾ ਕਰਕੇ ਉਮੀਦਵਾਰਾ ਨੂੰ ਜਿਤਾਕੇ ਸ਼੍ਰੋਮਣੀ ਅਕਾਲੀ ਦਲ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਸੰਸਥਾਵਾਂ ਨੂੰ ਅਜ਼ਾਦ ਕਰਵਾਈਏ। ਇਸ ਦੌਰਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਮੁੱਖ ਮਨੋਰੱਥ ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵੱਡੇ ਪੱਧਰ `ਤੇ ਯਤਨ ਕਰਦੇ ਰਹਿਣਾ ਹੈ ਅਤੇ ਪਾਰਟੀ ਇਸੇ ਟੀਚੇ ਨੂੰ ਮੁੱਖ ਰੱਖਦੇ ਹੋਏ ਪੂਰੇ ਉਤਸ਼ਾਹ ਅਤੇ ਇਮਨਦਾਰੀ ਨਾਲ ਕਾਰਜਸ਼ੀਲ ਰਹੇਗੀ।ਇਸ ਦੌਰਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਇਹ ਹੈ ਕਿ ਸਿੱਖ ਸੰਸਥਾਵਾਂ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾ ਕੇ ਉਹਨਾਂ ਦੀ ਸੇਵਾ ਸੰਭਾਲ ਪੰਥਕ ਭਾਵਨਾ ਰੱਖਣ ਵਾਲੇ ਗੁਰਸਿੱਖਾਂ ਨੂੰ ਸੌਪਣੀ ।ਸ. ਢੀਂਡਸਾ ਨੇ ਅੱਗੇ ਬੋਲਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਇਨੇ ਮਾੜੇ ਹਾਲਾਤ ਵਿੱਚ ਲੈ ਕੇ ਜਾਣ ਵਾਲਾ ਕੋਈ ਹੋਰ ਨਹੀ ਸਗੋਂ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਖ਼ੁਦ ਜਿ਼ੰਮੇਵਾਰ ਹੈ। ਉਸਦੇ ਹੰਕਾਰ ਅਤੇ ਪੰਥਕ ਸਿਧਾਂਤਾਂ ਤੋਂ ਪਾਸਾ ਵੱਟਣ ਕਾਰਨ ਅੱਜ ਪੰਥਕ ਸੰਸਥਾਵਾਂ ਦੀ ਬੁਰੀ ਹਾਲਤ ਹੋਈ ਹੈ। ਇਸ ਮੋਕੇ ਸ. ਢੀਂਡਸਾ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਫੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੈ। ਇਸ ਲਈ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਾਫ਼-ਸੁਥਰੇ ਸਿੱਖੀ ਤੇ ਪਹਿਰਾ ਦੇਣ ਵਾਲੇ ਗੁਰਸਿੱਖ ਜਿਹਨਾਂ ਦਾ ਰਾਜਨੀਤੀ ਨਾਲ ਕੋਈ ਵਾਹ ਵਾਸਤਾ ਨਾ ਹੋਵੇ ਕੇਵਲ ਧਾਰਮਿਕ ਹੋਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਾ ਕਿ ਸੇਵਾ ਸੰਭਾਲ ਸੋਪਣਾ ਹੈ ਤਾਂ ਜੋਂ ਧਾਰਮਿਕ ਖੇਤਰ ਵਿੱਚ ਰਾਜਨੀਤਿਕ ਲੋਕਾਂ ਦੀ ਦਖ਼ਲਅੰਦਾਜੀ ਖ਼ਤਮ ਕੀਤੀ ਜਾ ਸਕੇ। ਇਸ ਮੀਟਿੰਗ ਵਿੱਚ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ,ਸਰਵਨ ਸਿੰਘ ਫਿਲੌਰ ਸਾਬਕਾ ਮੰਤਰੀ, ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਐਮਪੀ,ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ,ਬਾਪੂ ਪ੍ਰਕਾਸ਼ ਚੰਦ ਗਰਹਾ ਸਾਬਕਾ ਚੀਫ ਪਾਰਲੀਮੈਂਟ, ਭਾਈ ਮੋਹਕਮ ਸਿੰਘ ਸੀਨੀਅਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਈ ਮਨਜੀਤ ਸਿੰਘ ਭੋਮਾ, ਗੁਰਿੰਦਰ ਸਿੰਘ ਬਾਜਵਾ ,ਸਤਨਾਮ ਸਿੰਘ ਮਨਾਵਾ, ਐਕਸ ਐਮ ਐਲ ਏ ਸੁੱਖਵਿੰਦਰ ਸਿੰਘ ਔਲਖ ਸੀਨੀਅਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ,ਬੰਨੀ ਜੋਲੀ ਜੀ ਦਿੱਲੀ ਤੋਂ,ਹੈਡਮਾਸਟਰ ਪਲਵਿੰਦਰ ਸਿੰਘ ,ਡਾਕਟਰ ਲਖਵਿੰਦਰ ਸਿੰਘ ਢਿੰਗ ਨੰਗਲ , ਕਰਮਵੀਰ ਸਿੰਘ ਪੰਨੂ,ਪਲਵਿੰਦਰ ਸਿੰਘ ਪਨੂੰ,ਮਲਕੀਤ ਸਿੰਘ ਐਕਸ ਮੈਂਬਰ ਐਸਜੀਪੀਸੀ,ਹਰਬੰਸ ਸਿੰਘ ਮੰਝਪੁਰ, ਰਣਧੀਰ ਸਿੰਘ ਰੱਖੜਾ, ਜਸਤਾਰ ਸਿੰਘ ਰਾਜੋਆਣਾ, ਮੁਹੰਮਦ ਤੁਫੈਲ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ,ਜਥੇਦਾਰ ਮਨਜੀਤ ਸਿੰਘ ਭੱਪੀਆਣਾ, ਜਥੇਦਾਰ ਮਿੱਠੂ ਸਿੰਘ ਕਾਹਨਕੇ, ਜਥੇਦਾਰ ਸੁਰਿੰਦਰ ਸਿੰਘ ਦੋਬਲੀਆ,ਸਤਵਿੰਦਰ ਸਿੰਘ ਢੋਟ, ਏਐਸ ਜੋਹਲ ਜਰਨਲ ਸਕੱਤਰ, ਹਰਵੇਲ ਸਿੰਘ ਮਾਧੋਪੁਰ ਪ੍ਰਧਾਨ ਐਸ ਸੀ ਵਿੰਗ ਪੰਜਾਬ,ਅਮਰਿੰਦਰ ਸਿੰਘ ਚੰਡੀਗੜ੍ਹ, ਜਥੇਦਾਰ ਰਸਪਾਲ ਸਿੰਘ ਬੈਨੀਆਲ, ਮਾਸਟਰ ਜੋਹਰ ਸਿੰਘ ਐਕਸ ਐਮਐਲਏ, ਰਣਜੀਤ ਸਿੰਘ ਦਬਰੀ, ਜਥੇਦਾਰ ਸੁਖਦੇਵ ਸਿੰਘ ਚੱਕ,ਹਰਬੰਸ ਸਿੰਘ ਸਮਾਰੇੜੀ,ਜਸਵਿੰਦਰ ਸਿੰਘ ਓ ਐਸ ਡੀ, ਮਨਜੀਤ ਸਿੰਘ ਬਾਠ ਅਮਰਿੰਦਰ ਸਿੰਘ ਮੰਡੀਆਂ ਆਦਿ।