ਕਿ੍ਸ਼ੀ ਵਿਗਿਆਨ ਕੇਂਦਰ ਬੂਹ ਵੱਲੋਂ ਪਿੰਡ ਤੁੜ ਵਿਖੇ ਖੋਲਿਆ ਗਿਆ ਸਬਜ਼ੀਆਂ ਦੀ ਨਰਸਰੀ ਉਤਪਾਦਨ ਤੇ ਫਾਰਮ ਫੀਲਡ ਸਕੂਲ 

ਤਰਨ ਤਾਰਨ, 03 ਜਨਵਰੀ : ਕਿ੍ਸ਼ੀ ਵਿਗਿਆਨ ਕੇਂਦਰ ਬੂਹ ਵੱਲੋਂ ਪਿੰਡ ਤੁੜ ਵਿਖੇ ਸਬਜ਼ੀਆਂ ਦੀ ਨਰਸਰੀ ਉਤਪਾਦਨ ਤੇ ਫਾਰਮ ਫੀਲਡ ਸਕੂਲ ਖੋਲਿਆ ਗਿਆ ਹੈ| ਜ਼ਿਲ੍ਹਾ ਤਰਨ ਤਾਰਨ ਦੇ ਕਿਸਾਨ ਵੀਰਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਕੱਢਣ ਲਈ ਅਤੇ ਖੇਤੀ ਆਮਦਨ ਵਧਾਉਣ ਲਈ ਕੇ. ਵੀ  ਕੇ. ਬੂਹ ਲਗਾਤਾਰ ਕੰਮ ਕਰ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਦੇ ਡਿਪਟੀ ਡਾਇਰੈਕਟਰ ਡਾ. ਪੁਨੀਤ ਮਲਹੋਤਰਾ ਨੇ ਜਾਣਕਾਰੀ ਦਿੱਤੀ ਕਿ ਪਿੰਡ ਤੁੜ ਤੋਂ ਕਿਸਾਨ ਸ. ਗੁਰਪ੍ਰੀਤ ਸਿੰਘ ਝੋਨੇ ਅਤੇ ਕਣਕ ਦੀ ਕਾਸ਼ਤ ਕਰਦਾ ਹੁੰਦਾ ਸੀ ਜਾਂ ਥੋੜੀਆਂ ਬਹੁਤ ਸਬਜੀਆਂ ਵੀ ਉਗਾਉਂਦਾ ਸੀ। ਉਸਨੇ ਕੁੱਝ ਸਾਲ ਪਹਿਲਾਂ ਕੇ ਵੀ ਕੇ ਬੂਹ ਦੇ ਸੰਪਰਕ ਚ ਆ ਕੇ ਸਬਜੀਆਂ ਦੀ ਨਰਸਰੀ ਉਗਾਉਣ ਦੀ ਟ੍ਰੇਨਿੰਗ ਲਈ ਅਤੇ ਉਸਨੂੰ ਸ਼ੁਰੂਆਤੀ ਸਾਲਾਂ ਵਿੱਚ ਕਾਫੀ ਔਂਕੜਾਂ ਵੀ ਆਈਆਂ। ਸਬਜ਼ੀ ਮਾਹਿਰ ਡਾ. ਨਿਰਮਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਕਿਸਾਨ ਵੀਰ ਹੁਣ ਪਿਆਜ, ਹਰੀ ਮਿਰਚ, ਫੁੱਲ ਗੋਭੀ, ਸ਼ਿਮਲਾ ਮਿਰਚ, ਕਰੇਲਾ, ਚੱਪਣ ਕੱਦੂ, ਘੀਆ ਕੱਦੂ ਅਤੇ ਟਮਾਟਰ ਦੀ ਵਧੀਆ ਕੁਆਲਿਟੀ ਦੀ ਪਨੀਰੀ ਤਿਆਰ ਕਰਕੇ ਹੋਰ ਕਿਸਾਨਾਂ ਨੂੰ ਵੇਚਦਾ ਹੈ। ਓਹਨਾ ਦੱਸਿਆ ਕਿ ਇਸ ਕਿਸਾਨ ਵੀਰ ਨੇ ਸਰਦੀਆਂ ਦੇ ਮੌਸਮ ਵਿੱਚ ਅਗੇਤੀ ਪਨੀਰੀ ਤਿਆਰ ਕਰਨ ਲਈ ਆਪਣੇ ਖੇਤ ਵਿੱਚ ਛੋਟੇ ਛੋਟੇ ਪੌਲੀ ਹਾਊਸ ਬਣਾਏ ਹੋਏ ਨੇ ਅਤੇ ਓਹਨਾ ਵਿੱਚ ਲਾਈਟਾਂ ਲਗਾਕੇ ਪਨੀਰੀ ਤਿਆਰ ਕਰ ਰਿਹਾ ਹੈ। ਇਸ  ਕਿਸਾਨ ਨੇ  ਸਬਜੀਆਂ ਦੀ ਨਰਸਰੀ ਦਾ ਕੱਮ ਇੱਕ ਕਨਾਲ ਤੋਂ ਸ਼ੁਰੂ ਕਰਕੇ 2 ਏਕੜ ਵਿੱਚ ਪਨੀਰੀਆਂ ਉਗਾ ਰਿਹਾ ਹੈ ਅਤੇ ਵਧੀਆ ਮੁਨਾਫ਼ਾ ਲੈ ਰਿਹਾ ਹੈ।