ਵਪਾਰੀ ਵਨ ਟਾਈਮ ਸੈਟਲਮੈਂਟ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ - ਚੇਅਰਮੈਨ ਪੰਜਾਬ ਸਟੇਟ ਟਰੇਡਜ਼ ਕਮਿਸ਼ਨ

  • ਪਹਿਲ ਦੇ ਆਧਾਰ ਤੇ ਕਰਾਗੇ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ- ਮੈਂਬਰ ਸ਼ੀਤਲ ਜੁਨੇਜਾ

ਅੰਮ੍ਰਿਤਸਰ 18 ਜਨਵਰੀ : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਨੀਤੀਆਂ ਆਮ ਆਦਮੀ ਦੀਆਂ ਮੰਗਾਂ ਅਨੁਸਾਰ ਬਣਾਈਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਪੰਜਾਬ ਦੀ ਆਰਥਿਕਤਾ ਨੂੰ ਇੱਕ ਵੱਡਾ ਹੁੰਗਾਰਾ ਮਿਲੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਰਾਜ ਟਰੇਡ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਨਿਲ ਠਾਕੁਰ ਵੱਲੋਂ ਅੱਜ ਅੰਮ੍ਰਿਤਸਰ ਦੇ ਵਪਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਉਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਉਦਯੋਗਾਂ ਅਤੇ ਉਦਯੋਗਪਤੀਆਂ ਦੀ ਅਹਿਮ ਭੂਮਿਕਾ ਹੈ ਅਤੇ ਪੰਜਾਬ ਵਿੱਚ ਸਨਅੱਤਕਾਰਾਂ ਨੂੰ ਬਿਜਲੀ ਦੇਣ ਤੋਂ ਇਲਾਵਾ ਉਨਾਂ ਦੀ ਮੰਗ ਅਨੁਸਾਰ ਸਨਅੱਤੀ ਨੀਤੀ ਵਿੱਚ ਬਦਲਾਅ ਕੀਤੇ ਗਏ ਹਨ। ਉਨਾਂ ਕਿਹਾ ਕਿ ਸਾਡੀ ਮੰਸ਼ਾ ਹੈ ਕਿ ਵਪਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੇਠਲੇ ਪੱਧਰ ਤੇ ਹੀ ਹੋ ਸਕੇ। ਉਨਾਂ ਵਪਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ। ਸ੍ਰੀ ਅਨਿਲ ਠਾਕੁਰ ਨੇ ਕਿਹਾ ਕਿ ਉਦਯੋਗਪਤੀਆਂ ਲਈ ਸਿਰਫ ਸਕੀਮਾਂ ਹੀ ਸ਼ੁਰੂ ਨਹੀਂ ਕੀਤੀਆਂ ਸਗੋਂ ਉਨਾਂ ਨੂੰ ਪੰਜਾਬ ਵਿੱਚ ਕਾਰੋਬਾਰ ਕਰਨ ਲਈ ਵਧੀਆ ਮਾਹੋਲ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਕਮਿਸ਼ਨ ਦੇ ਮੈਂਬਰ ਸ੍ਰੀ ਸ਼ੀਤਲ ਜੁਨੇਜਾ ਨੇ ਕਿਹਾ ਕਿ ਵਪਾਰੀਆਂ ਦੇ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਪਾਰੀਆਂ ਨੂੰ ਉਨਾਂ ਦੇ ਕਾਰੋਬਾਰ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਉਨਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਂਦੇ। ਜਿਸ ਕਾਰਨ ਉਨਾਂ ਨੂੰ ਸਾਰੀਆਂ ਸਹੂਲਤਾਂ ਇੱਕੋ ਹੀ ਖਿੜਕੀ ਰਾਹੀਂ ਦੇ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਵੱਖ-ਵੱਖ ਵਪਾਰੀਆਂ ਵਲੋਂ ਆਪਣੀਆਂ ਮੁਸ਼ਕਿਲਾ ਨੂੰ ਚੇਅਰਮੈਨ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਮੌਕੇ ਤੇ ਹੀ ਚੇਅਰਮੈਨ ਨੇ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨਾਂ ਦੇ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ। ਇਸ ਮੀਟਿੰਗ ਵਿੱਚ ਜਸਕਰਨ ਬਦੇਸ਼ਾ, ਅਨਿਲ ਭਾਰਦਵਾਜ, ਡਿਪਟੀ ਕਮਿਸ਼ਨਰ ਸਟੇਟ ਟੈਕਸ ਸ੍ਰੀਮਤੀ ਰਾਜਵਿੰਦਰ ਕੌਰ, ਸਹਾਇਕ ਕਮਿਸ਼ਨਰ ਸਟੇਟ ਟੈਕਸ ਅਜੈ ਕੁਮਾਰ, ਸੰਜੀਵ ਗੁਪਤਾ, ਮਹੇਸ਼ ਗੁਪਤਾ, ਸ: ਇਕਬਾਲ ਸਿੰਘ ਭੁੱਲਰ, ਸ੍ਰੀ ਰਾਜੀਵ ਖਹਿਰਾ ਜਿਲ੍ਹਾ ਪ੍ਰਧਾਨ ਟਰੇਡਵਿੰਗ, ਸ੍ਰੀ ਰਾਜਾ ਇਕਬਾਲ, ਪਵਨਜੀਤ ਗੋਲਡੀ ਜਾਇੰਟ ਸਕੱਤਰ, ਦਿਕਸ਼ਿਤ ਧਵਨ, ਸ; ਜਸਪ੍ਰੀਤ ਸਿੰਘ, ਮੋਹਿਤ ਅਗਰਵਾਲ, ਡਾ. ਇੰਦਰਪਾਲ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।