ਕਿਸਾਨ ਦੇ ਖੇਤਾਂ ਵਿਚੋਂ ਮਿਲ਼ੀ ਹੈਰੋਇਨ ਦੇ ਮਾਮਲੇ ਵਿੱਚ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨ ਗ੍ਰਿਫ਼ਤਾਰ

ਦੋਰਾਂਗਲਾ, 27 ਅਪ੍ਰੈਲ : ਦੋਰਾਂਗਲਾ ਥਾਣਾ ਦੇ ਅਧੀਨ ਪੈਂਦੇ ਪਿੰਡ ਸ਼ਾਹਪੁਰ ਅਫਗਾਨਾ ਵਿਖੇ ਕਿਸਾਨ ਦੇ ਖੇਤਾਂ ਵਿਚੋਂ ਦੋ ਦਿਨ ਪਹਿਲਾਂ ਬਰਾਮਦ ਹੋਈ ਦੋ ਕਿੱਲੋ 400 ਗ੍ਰਾਮ ਹੈਰੋਇਨ ਦੇ ਮਾਮਲੇ ਵਿਚ ਪੁਲਿਸ ਨੂੰ ਇਕ ਵੱਡੀ ਸਫਲਤਾ ਹੱਥ ਲੱਗੀ ਹੈ। ਦੋਰਾਂਗਲਾ ਥਾਣਾ ਪੁਲਿਸ ਵੱਲੋ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਮਾਮਲੇ ਵਿੱਚ ਹਰਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਸਮੇਤ ਦੋ ਸਕੇ ਭਰਾਵਾਂ ਅਰੁਨ ਕੁਮਾਰ ਅਤੇ ਵਰਿੰਦਰ ਕੁਮਾਰ ਪੁੱਤਰਾਂ ਸੋਮਨਾਥ ਵਾਸੀ ਸ਼ਾਹਪੁਰ ਅਫਗਾਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਉਮਰ 18 ਤੋਂ 27 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਹਾਲਾਂਕਿ ਥਾਨਾ ਦੋਰਾਂਗਲਾ ਦੇ ਐਸਐਚਓ ਜਤਿੰਦਰਪਾਲ ਨੇ ਮਾਮਲੇ ਵਿੱਚ ਹੋਈਆਂ ਤਿੰਨੋਂ ਗਿਰਫ਼ਤਾਰਿਆਂ ਦੀ ਪੁਸ਼ਟੀ ਤਾਂ ਕਰ ਦਿੱਤੀ ਹੈ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਪੁਲਿਸ ਅਧਿਕਾਰੀ ਗੁਰੇਜ਼ ਕਰ ਰਹੇ ਹਨ ਕਿਉਕਿ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੌਜਵਾਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਉੱਚ ਅਧਿਕਾਰੀ ਪੂਰੇ ਮਾਮਲੇ ਦਾ ਖੁਲਾਸਾ ਕਰਨਗੇ।