- 16 ਜਨਵਰੀ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਪਿੰਡ ਚੱਕ ਅਰਾਈਆਂ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਣਗੇ
- ਹਲਕਾ ਗੁਰਦਾਸਪੁਰ ਦਾ ਸਰਬਪੱਖੀ ਵਿਕਾਸ ਮੇਰਾ ਮੁੱਖ ਏਜੰਡਾ : ਚੇਅਰਮੈਨ ਰਮਨ ਬਹਿਲ
ਗੁਰਦਾਸਪੁਰ, 7 ਜਨਵਰੀ : ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਸੂਬੇ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ 16 ਜਨਵਰੀ ਨੂੰ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਚੱਕ ਅਰਾਈਆਂ ਵਿਖੇ ਨਵੇਂ ਬਣਨ ਵਾਲੇ 66 ਕੇ.ਵੀ. ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਣਗੇ। ਇਸ ਸਬੰਧੀ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨਾਲ ਮੁਲਾਕਾਤ ਕਰਕੇ ਪਿੰਡ ਚੱਕ ਅਰਾਈਆਂ ਵਿਖੇ ਸਬ-ਸਟੇਸ਼ਨ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਦਾ ਸਮਾਂ ਲੈ ਲਿਆ ਹੈ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਚੱਕ ਅਰਾਈਆਂ ਵਿਖੇ 66 ਕੇਵੀ ਸਬ ਸਟੇਸ਼ਨ ਦੀ ਉਸਾਰੀ ਉੱਪਰ ਰਾਜ ਸਰਕਾਰ ਵੱਲੋਂ ਕਰੀਬ 5 ਕਰੋੜ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 66 ਕੇਵੀ ਸਬ ਸਟੇਸਨ, ਪਿੰਡ ਚੱਕ ਅਰਾਈਆਂ ਦੀ ਉਸਾਰੀ ਤੋਂ ਬਾਅਦ ਇਲਾਕੇ ਦੇ 21 ਪਿੰਡਾਂ ਚੱਕ ਅਰਾਈਆਂ, ਪੂਰੋਵਾਲ ਅਰਾਈਆਂ, ਸਿੰਘੋਵਾਲ, ਪਰਸੋ ਕਾ ਪਿੰਡ, ਦਾਖਲਾ, ਕੋਟਲੀ ਮੋਈਆਂ, ਚੌੜ ਸਿੱਧਵਾਂ, ਨਰਪੁਰ, ਵਰਸੋਲਾ, ਛੰਬ, ਮਸੀਤ, ਲੱਖੋਵਾਲ, ਮੁਸਤਫ਼ਾਬਾਦ ਸੈਦਾਂ, ਹੇਮਰਾਜਪੁਰ, ਵਰ੍ਹਿਆਂ, ਤੁੰਗ, ਖੋਖਰ, ਦਬੂੜੀ, ਧੂਤ, ਰਾਵਲਪਿੰਡੀ ਅਤੇ ਕਾਲਾ ਨੰਗਲ ਪਿੰਡਾਂ ਨੂੰ ਨਿਰਵਿਗਨ ਬਿਜਲੀ ਸਪਲਾਈ ਮਿਲੇਗੀ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ 66 ਕੇ.ਵੀ ਸਬ-ਸਟੇਸ਼ਨ ਜੌੜਾ ਛੱਤਰਾਂ ਅਧੀਨ 16 ਪਿੰਡਾਂ ਨੂੰ ਬਿਜਲੀ ਸਪਲਾਈ ਕਰਨ ਵਾਲੇ 4 ਨੰ. 11 ਕੇ.ਵੀ. ਫੀਡਰਾਂ ਦੀ ਸਪਲਾਈ ਜੰਗਲਾਤ ਏਰੀਏ ਵਿੱਚੋ ਲੱਗਣ ਕਰਕੇ ਮੀਂਹ ਅਤੇ ਹਨੇਰੀ ਵਾਲੇ ਦਿਨਾਂ ਵਿੱਚ ਜਿਆਦਾਤਰ ਬੰਦ ਰਹਿੰਦੀ ਸੀ, ਜਿਸ ਕਾਰਨ ਖਪਤਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਚੱਕ ਅਰਾਈਆਂ ਵਿਖੇ ਨਵਾਂ ਸਬ-ਸਟੇਸ਼ਨ ਬਣਨ ਨਾਲ ਇਹ ਸਮੱਸਿਆ ਹੱਲ ਹੋ ਜਾਵੇਗੀ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਗੁਰਦਾਸਪੁਰ ਹਲਕੇ ਵਿੱਚ ਹੋਰ ਵੀ ਵਿਕਾਸ ਕਾਰਜ ਕੀਤੇ ਜਾਣਗੇ। ਸ੍ਰੀ ਬਹਿਲ ਨੇ ਸਮੂਹ ਹਲਕਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ 16 ਜਨਵਰੀ ਨੂੰ 11:00 ਵਜੇ ਪਹੁੰਚ ਕੇ ਵਿਕਾਸ ਦੇ ਇਨ੍ਹਾਂ ਯਾਦਗਾਰੀ ਪਲਾਂ ਦੇ ਗਵਾਹ ਬਣਨ।