ਬਟਾਲਾ ਕਲੱਬ ਨੂੰ ਨਿਵੇਕਲੀ ਪਹਿਚਾਣ ਤੇ ਨਵੀਂ ਦਿੱਖ ਦੇਣ ਲਈ ਕੀਤੇ ਜਾਣਗੇ ਖਾਸ ਉਪਰਾਲੇ-ਵਿਧਾਇਕ ਸ਼ੈਰੀ ਕਲਸੀ

  • ਬਟਾਲਾ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ-ਯਸ਼ਪਾਲ ਚੌਹਾਨ ਸੀਨੀਅਰ ਵਾਈਸ ਪ੍ਰਧਾਨ ਅਤੇ ਰਾਜੀਵ ਵਿੱਗ ਨੂੰ ਜਨਰਲ ਸੈਕਰਟਰੀ ਚੁਣਿਆ 

ਬਟਾਲਾ, 28 ਅਗਸਤ 2024 : ਬਟਾਲਾ ਕਲੱਬ ਨੂੰ ਨਿਵਕੇਲੀ ਪਹਿਚਾਣ, ਨਵੀਂ ਦਿੱਖ ਅਤੇ ਨਵੀਂ ਰੂਪ-ਰੇਖਾ ਉਲੀਕਣ ਦੇ ਮੰਤਵ ਨਾਲ ਬਟਾਲਾ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਤਹਿਸੀਲਦਾਰ ਜਗਤਾਰ ਸਿੰਘ ਸਮੇਤ ਬਟਾਲਾ ਕਲੱਬ ਦੇ ਮੈਂਬਰ, ਵੱਖ ਵੱਖ-ਐਨ.ਜੀ.ਓਜ਼ ਦੇ ਨੁਮਾਇੰਦੇ, ਉਦਯੋਗਪਤੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨਮੁਾਇੰਦੇ, ਵਾਤਾਵਰਣ ਪ੍ਰੇਮੀ, ਹੋਟਲ ਐਸ਼ੋਸੀਏਸ਼ਨ ਦੇ ਨੁਮਾਇੰਦਿਆਂ ਸਮੇਤ ਸ਼ਹਿਰ ਦੀਆਂ ਵੱਖ-ਵੱਖ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਹਾਊਸ ਦੀ ਸਰਬਸੰਮਤੀ ਨਾਲ ਯਸ਼ਪਾਲ ਚੌਹਾਨ ਨੂੰ ਸੀਨੀਅਰ ਵਾਈਸ ਪ੍ਰਧਾਨ, ਰਾਜੀਵ ਵਿੱਗ ਨੂੰ ਜਨਰਲ ਸੈਕਰਟਰੀ, ਹਰਵੰਤ ਮਹਾਜਨ ਨੂੰ ਸੈਕਰਟਰੀ, ਪੁਨੀਤ ਬਾਂਸਲ ਨੂੰ ਵਿੱਤ ਸੈਕਰਟਰੀ, ਕੈਟਰਿੰਗ ਕਮੇਟੀ ਵਿੱਚ ਅਜਾਦਵਿੰਦਰ ਸਿੰਘ, ਨਰੇਸ਼ ਲੂਥਰਾ ਤੇ ਪਵਨ ਵਿੱਜ,  ਸਕਰੀਨਿੰਗ ਕਮੇਟੀ ਵਿੱਚ ਵੀ.ਕੀ ਸਹਿਗਲ, ਰਾਕੇਸ਼ ਅਗਰਵਾਲ ਤੇ ਵਰਿੰਦਰ ਪ੍ਰਤਾਪ ਗੁਪਤਾ ਅਤੇ ਪ੍ਰਪਾਰਟੀ ਕਮੇਟੀ ਵਿੱਚ ਬੁਦੇਸ਼ ਅਗਰਵਾਲ, ਹੈਪੀ ਮਹਜਾਨ, ਰਾਜੀਵ ਡੋਗਰਾ, ਡਾ. ਹਰਭਜਨ ਸਿੰਘ ਤੇ ਵਿਜੇ ਸੋਨੀ ਦੀ ਚੋਣ ਕੀਤੀ ਗਈ। ਇਸ ਮੌਕੇ ਬਟਾਲਾ ਕਲੱਬ ਦੇ ਚੁਣੇ ਗਏ ਅਹੁਦੇਦਾਰਾਂ ਨੂੰ ਮੁਬਾਰਬਾਦ ਦਿੰਦਿਆਂ ਬਟਾਲਾ ਦੇ ਵਿਧਾਇਕ ਅਤੇ ਬਟਾਲਾ ਕਲੱਬ ਦੇ ਚੀਫ ਪੈਟਰਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ 12 ਦਸੰਬਰ 1935 ਨੂੰ ਹੌਂਦ ਵਿੱਚ ਆਇਆ ਬਟਾਲਾ ਕਲੱਬ, ਬਟਾਲਾ ਸ਼ਹਿਰ ਦੀ ਵਿਰਾਸਤ ਹੈ ਅਤੇ ਇਸ ਨੂੰ ਹੋਰ ਬਿਹਤਰ ਢੰਗ ਨਾਲ ਸੰਭਾਲਣ, ਨਵੀਂ ਤੇ ਸ਼ਾਨਦਾਰ ਦਿੱਖ ਦੇਣ ਅਤੇ ਨਵੀਂ ਰੂਪ ਰੇਖਾ ਉਲੀਕਣ ਲਈ ਨਵੀਂ ਟੀਮ ਦੀ ਚੋਣ ਕੀਤੀ ਗਈ ਹੈ। ਉਨਾਂ ਕਿਹਾ ਕਿ ਉਨਾਂ ਦੇ ਮਨ ਵਿੱਚ ਹਮੇਸ਼ਾ ਇਹ ਗੱਲ ਚੁੱਬਦੀ ਸੀ ਕਿ ਲਗਭਗ ਇੱਕ ਸਦੀ ਦੇ ਕਰੀਬ ਹੌਂਦ ਵਿੱਚ ਆਇਆ ਬਟਾਲਾ ਕਲੱਬ, ਆਪਣਾ ਉਹ ਮੁਕਾਮ ਹਾਸਲ ਨਹੀ ਕਰ ਸਕਿਆ, ਜੋ ਦੂਜੇ ਜ਼ਿਲਿਆਂ ਜਾਂ ਰਾਜਾਂ ਵਿੱਚ ਸਥਾਪਤ ਕਲੱਬਾਂ ਦਾ ਹੈ। ਉਨਾਂ ਕਿਹਾ ਕਿ ਉਨਾਂ ਨੂੰ ਅੰਮ੍ਰਿਤਸਰ, ਜਲੰਧਰ, ਮੁਹਾਲੀ, ਚੰਡੀਗੜ੍ਹ ਅਤੇ ਪੰਜਾਬ ਸਮੇਤ ਦੂਜੇ ਰਾਜਾਂ ਦੇ ਕਲੱਬਾਂ ਵਿੱਚ ਜਾਣ ਦਾ ਮੋਕਾ ਮਿਲਿਆ ਹੈ ਅਤੇ ਉਥੋ ਦੇ ਕਲੱਬਾਂ ਅਤੇ ਬਟਾਲਾ ਕਲੱਬ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਇਸ ਲਈ ਉਨਾਂ ਦੇ ਮਨ ਵਿੱਚ ਹਮੇਸ਼ਾਂ ਤਾਂਘ ਰਹਿੰਦੀ ਸੀ ਕਿ ਬਟਾਲਾ ਕਲੱਬ ਨੂੰ ਹੋਰ ਬੁਲੰਦੀਆਂ ’ਤੇ ਲਿਜਾਇਆ ਜਾਵੇ। ਵਿਧਾਇਕ ਸ਼ੈਰੀ ਕਲਸੀ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਮਿਹਨਤ ਤੇ ਲਗਨ ਨਾਲ ਬਟਾਲਾ ਕਲੱਬ ਨੂੰ ਹੋਰ ਬਿਹਤਰ ਢੰਗ ਨਾਲ ਅੱਗੇ ਲੈ ਕੇ ਜਾਣ ਤਾਂ ਜੋ ਬਟਾਲਾ ਸ਼ਹਿਰ ਵਾਸੀ, ਬਟਾਲਾ ਕਲੱਬ ’ਤੇ ਮਾਣ ਮਹਿਸੂਸ ਕਰਨ। ਉਨਾਂ ਕਿਹਾ ਕਿ ਬਟਾਲਾ ਕਲੱਬ ਨੂੰ ਇੱਕ ਫੈਮਿਲੀ ਕਲੱਬ ਦੇ ਤੌਰ ਤੇ ਵਿਕਸਿਤ ਕੀਤਾ ਜਾਵੇਗਾ ਅਤੇ ਦੂਜੇ ਜ਼ਿਲਿ੍ਹਆਂ ਅਤੇ ਰਾਜਾਂ ਦੇ ਕਲੱਬਾਂ ਨਾਲ, ਬਟਾਲਾ ਕਲੱਬ ਨੂੰ  ਐਫੀਲੇਟਿਡ ਕਰਵਾਇਆ ਜਾਵੇਗਾ। ਇਸ ਮੌਕੇ ਤਹਿਸੀਲਦਾਰ ਬਟਾਲਾ ਜਗਤਾਰ ਸਿੰਘ ਨੇ ਕਿਹਾ ਕਿ ਉਨਾਂ ਦੀ ਡਿਊਟੀ ਐਸ.ਡੀ.ਐਮ ਬਟਾਲਾ ਡਾ. ਸ਼ਾਇਰੀ ਭੰਡਾਰੀ, ਜੋ ਬਟਾਲਾ ਕਲੱਬ ਦੇ ਪ੍ਰਧਾਨ ਵੀ ਹਨ, ਵਲੋਂ ਲਗਾਈ ਗਈ ਸੀ। ਉਨਾਂ ਕਿਹਾ ਕਿ ਹਾਊਸ ਦੀ ਸਹਿਮਤੀ ਨਾਲ ਬਟਾਲਾ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ। ਉਨਾਂ ਨਵੀਂ ਚੁਣੀ ਟੀਮ ਨੂੰ ਮੁਬਾਰਕ ਦਿੱਤੀ ਤੇ ਮਿਹਨਤ ਨਾਲ ਬਟਾਲਾ ਕਲੱਬ ਨੂੰ ਹੋਰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਕਲੱਬ ਦੇ ਸਾਰੇ ਮੈਂਬਰਾਂ ਨੂੰ ਸਹਿਯੋਗ ਨਾਲ ਕੰਮ ਕਰਨ ਲਈ ਕਿਹਾ। ਇਸ ਮੌਕੇ ਸਰਬਸੰਮਤੀ ਨਾਲ ਚੁਣੇ ਗਏ ਯਸ਼ਪਾਲ ਚੌਹਾਨ ਸੀਨੀਅਰ ਵਾਈਸ ਪ੍ਰਧਾਨ ਬਟਾਲਾ ਕਲੱਬ, ਅਤੇ ਰਾਜੀਵ ਵਿੱਗ ਜਨਰਲ ਸੈਕਰਟਰੀ ਬਟਾਲਾ ਕਲੱਬ ਨੇ ਸਾਰੇ ਹਾਊਸ ਨੂੰ ਯਕੀਨ ਦਿਵਾਇਆ ਕਿ ਉਹ ਪੂਰੀ ਟੀਮ ਅਤੇ ਕਲੱਬ ਦੇਂ ਮੈਂਬਰਾਂ ਦੇ ਸਹਿਯੋਗ ਨਾਲ ਬਟਾਲਾ ਕਲੱਬ ਨੂੰ ਹੋਰ ਨਵੀਆਂ ਮੰਜ਼ਿਲਾਂ ਵੱਲ ਲਿਜਾਣਗੇ। ਉਨਾਂ ਕਲੱਬ ਦੇ ਮੈਂਬਰਾਂ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਸਮੇਤ ਸਮੂਹ ਹਾਜ਼ਰੀਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।