ਧਰਮਕੋਟ ਰੰਧਾਵਾ ਦੇ ਸਕੂਲ ਵਿਖੇ ਵਿਦਿਆਰਥੀਆਂ ਨੂੰ ਬਾਲ ਸ਼ੋਸਣ, ਸਾਈਬਰ ਕਰਾਈਮ, ਸਮਾਜਿਕ ਬੁਰਾਈ ਨਸ਼ਿਆਂ ਵਿਰੁੱਧ ਅਤੇ ਸਾਂਝ ਸੇਵਾਵਾਂ ਬਾਰੇ ਜਾਗਰੂਕ ਕੀਤਾ 

ਬਟਾਲਾ, 2 ਅਗਸਤ: ਐਸ.ਐਸ.ਪੀ ਬਟਾਲਾ ਮੈਡਮ ਅਸ਼ਵਨੀ ਗੋਤਿਆਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਸਾਂਝ ਸਟਾਫ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਰੰਧਾਵਾ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਬਾਲ ਸ਼ੋਸਣ, ਸਾਈਬਰ ਕਰਾਈਮ, ਸਮਾਜਿਕ ਬੁਰਾਈ ਨਸ਼ਿਆਂ ਵਿਰੁੱਧ ਅਤੇ ਸਾਂਝ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਬਟਾਲਾ ਪੁਲਿਸ ਸਾਂਝ ਸਟਾਫ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸੰਸਾਰ ਸਿਹਤ ਸੰਸਥਾ ਦੀ ਪਰਿਭਾਸ਼ਾ ਅਨੁਸਾਰ ਸਿਹਤ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ਉੱਤੇ ਪੂਰਨ ਰੂਪ ਵਿੱਚ ਤੰਦਰੁਸਤ ਹੋਣਾ ਹੈ ਨਾ ਕਿ ਸਿਰਫ ਬਿਮਾਰੀ ਜਾਂ ਸਰੀਰਕ ਨੁਕਸ ਦੀ ਅਣਹੋਂਦ। ਇੱਕ ਸਿਹਤਮੰਦ ਵਿਅਕਤੀ ਸਮਾਜ ਦੀ ਲਾਭਦਾਇਕ ਸੰਪਤੀ ਹੁੰਦਾ ਹੈ। ਉਹ ਦੇਸ਼ ਦੀ ਬਿਹਤਰ ਸੇਵਾ ਕਰ ਸਕਦਾ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾ ਸਕਦਾ ਹੈ। ਉਨਾਂ ਕਿਹਾ ਕਿ ਇੱਕ ਨਿਰੋਗ ਮਨ ਨਿਰੋਗ ਸਰੀਰ ਵਿੱਚ ਹੀ ਨਿਵਾਸ ਕਰਦਾ ਹੈ। ਮਾੜੀ ਸਰੀਰਕ ਸਿਹਤ, ਨਿਸ਼ਾਨਿਆਂ ਨੂੰ ਹਾਸਲ ਕਰਨ ਲਈ ਲੋੜੀਂਦੇ ਸਵੈ-ਵਿਸ਼ਵਾਸ ਅਤੇ ਯੋਗਤਾ ਉੱਤੇ ਬੁਰਾ ਅਸਰ ਪਾਉਂਦੀ ਹੈ, ਜਿਸ ਦੇ ਸਿੱਟੇ ਵਜੋਂ ਨਾਖੁਸ਼ੀ ਅਤੇ ਉਦਾਸੀ ਛਾ ਜਾਂਦੀ ਹੈ। ਨਸ਼ੀਲੇ ਪਦਾਰਥ ਮਾਨਸਿਕ ਬਿਮਾਰੀਆਂ ਵੱਲ ਲੈ ਜਾਂਦੇ ਹਨ। ਆਖਰ ਵਿੱਚ ਉਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਐਸ.ਐਸ.ਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰੇਰਿਤ ਕਰਨ ਅਤੇ ਵੱਧ ਤੋਂ ਵੱਧ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਦੇ ਨਾਲ-ਨਾਲ ਨੌਜਵਾਨ ਵਰਗ ਇਸ ਤੋਂ ਦੂਰ ਰਹੇ। ਉਨਾਂ ਹੈਲਪਲਾਈਨ ਨੰਬਰ 112 ਬਾਰੇ ਵੀ ਜਾਗਰੂਕ ਕੀਤਾ ਤੇ ਕਿਹਾ ਕਿ ਸਹਾਇਤਾ ਲੈਣ ਲਈ ਇਸੇ ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।