ਪੰਜਾਬ ਸਰਕਾਰ ਨੇ ਸੂਬੇ ਵਿੱਚ ਦਿਵਿਆਂਗਜਨਾਂ ਨੂੰ ਰਾਸ਼ਟਰੀ ਰਾਜਮਾਰਗਾਂ ’ਤੇ ਟੋਲ ਵਿੱਚ 100 ਫੀਸਦੀ ਛੋਟ ਦਿੱਤੀ-ਡਿਪਟੀ ਕਮਿਸ਼ਨਰ

  • ਕਿਸੇ ਤਰ੍ਹਾਂ ਮੁਸ਼ਕਿਲ ਪੇਸ਼ ਆਉਣ ‘ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜਾਂ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਨਾਲ ਕਰਨ ਸੰਪਰਕ ਦਿਵਿਆਂਗਜਨ
  • ਮੁਕੰਮਲ ਜਾਣਕਾਰੀ ਵਿਭਾਗ ਦੀ ਵੈਬਸਾਈਟ https://sswcd.punjab.gov.in/  ’ਤੇ ਉਪਲੱਬਧ

ਤਰਨ ਤਾਰਨ, 24 ਨਵੰਬਰ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੇ ਹਿੱਤਾਂ ਲਈ ਲਗਾਤਾਰ ਕੰਮ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵੱਲੋਂ ਦਿਵਿਆਂਗਜਨਾਂ ਨੂੰ ਪੰਜਾਬ ਦੇ ਰਾਸ਼ਟਰੀ ਰਾਜਮਾਰਗਾਂ ’ਤੇ ਟੋਲ ਵਿੱਚ 100 ਫੀਸਦੀ ਛੋਟ ਦੀ ਸਹੂਲਤ ਦਿੱਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਦਿਵਿਆਂਗਜਨਾਂ ਦੇ ਨਾਮ ’ਤੇ ਰਜਿਸਟਰਡ ਵਹੀਕਲ, ਜੋ ਕਿ ਮੋਟਰ ਵਹੀਕਲ ਐਕਟ, 1988 ਅਤੇ ਇਸ ਦੇ ਅਧੀਨ ਬਣੇ ਨਿਯਮਾਂ ਦੇ ਅਧੀਨ ਦਿਵਿਆਂਗਜਨ ਮਲਕੀਅਤ ਅਧੀਨ ਰਜਿਸਟਰ ਹੋਏ ਹੋਣ, ਨੂੰ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਵਿੱਚ 100 ਪ੍ਰਤੀਸ਼ਤ ਰਿਆਇਤ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਦਿਵਿਆਂਗਜਨਾਂ ਨੂੰ ਆਪਣੇ ਵਹੀਕਲਜ਼ ਦੀ ਰਜਿਸਟਰੇਸ਼ਨ ਸਰਟੀਫਿਕੇਟ ਵਿੱਚ ਮਲਕੀਅਤ ਦਿਵਿਆਂਗਜਨ ਵਜੋਂ ਦਰਜ ਕਰਾਉਣੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕੋਈ ਵੀ ਦਿਵਿਆਂਗਜਨ ਆਪਣੇ ਨਵੇਂ ਜਾਂ ਪੁਰਾਣੇ ਵਹੀਕਲ ਦੀ ਮਲਕੀਅਤ ਦਿਵਿਆਂਗਜਨ ਵਜੋਂ ਟਰਾਂਸਪੋਰਟ ਵਿਭਾਗ ਵਿੱਚ ਬਿਨੈ-ਪੱਤਰ ਦੇ ਕੇ ਰਜਿਸਟਰਡ ਕਰਵਾ ਸਕਦਾ ਹੈ। ਉਨਾਂ ਕਿਹਾ ਕਿ ਇਸ ਦਾ ਲਾਭ ਲੈਣ ਲਈ ਸਬੰਧਤ ਬਿਨੈਕਾਰਾਂ ਨੂੰ ਛੋਟ ਵਾਲਾ ਸਪੈਸ਼ਲ ਫਾਸਟ ਟੈਗ ਲੈਣਾ ਪਵੇਗਾ, ਜਿਸ ਸਬੰਧੀ ਉਹਨਾਂ ਨੂੰ https://exemptedfastag.nhai.org/exemptedfastag ਵੈਬਸਾਈਟ ’ਤੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਪਵੇਗਾ ਅਤੇ ਰਜਿਸਟਰੇਸ਼ਨ ਉਪਰੰਤ ਆਨਲਾਈਨ ਫਾਰਮ ਭਰਨ ਉਪਰੰਤ ਸਮਰੱਥ ਅਥਾਰਟੀ ਵੱਲੋਂ ਛੋਟ ਵਾਲਾ ਫਾਸਟ ਟੈਗ ਜਾਰੀ ਕੀਤਾ ਜਾਵੇਗਾ, ਜੋ ਕਿ ਦਿਵਿਆਂਗਜਨ ਨੂੰ ਆਪਣੇ ਵਹੀਕਲ ‘ਤੇ ਲਗਾਉਣਾ ਪਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਜਾਰੀ ਨਿਯਮਾਂ ਸਬੰਧੀ ਮੁਕੰਮਲ ਜਾਣਕਾਰੀ ਵਿਭਾਗ ਦੀ ਵੈਬਸਾਈਟ https://sswcd.punjab.gov.in/ ‘ਤੇ ਉਪਲੱਬਧ ਹੈ। ਇਸ ਤੋਂ ਇਲਾਵਾ ਜੇਕਰ ਦਿਵਿਆਂਗਜਨਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਇਸ ਸਬੰਧੀ ਉਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤਰਨ ਤਾਰਨ ਜਾਂ ਸਬੰਧਤ ਬਲਾਕ ਦੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।