ਬਰਸਾਤੀ ਮੌਸਮ ਦੌਰਾਨ ਪੈੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਾਵਧਾਨੀ ਵਰਤੀ ਜਾਵੇ : ਡਾ.  ਭਾਗੋਵਾਲੀਆ

  • ਕੂਲਰ ਅਤੇ ਫਰਿੱਜ ਦੀਆਂ ਟਰੇਆਂ ਦੀ ਹਫ਼ਤੇ ਵਿੱਚ ਇੱਕ ਵਾਰ ਸਫ਼ਾਈ ਯਕੀਨੀ ਬਣਾਈ ਜਾਵੇ

ਗੁਰਦਾਸਪੁਰ, 17 ਜੁਲਾਈ : ਬਰਸਾਤੀ ਮੌਸਮ ਦੌਰਾਨ ਪੈੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਾਵਧਾਨੀ ਬਹੁਤ ਜਰੂਰੀ ਹੈ।ਬਰਸਾਤੀ ਮੌਸਮ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਦਸਤ, ਉਲਟੀਆਂ, ਡੇਂਗੂ, ਮਲੇਰੀਆ, ਚਿਕਨਗੁਨੀਆ ਤੋਂ ਬਚਣ ਲਈ ਸਾਨੂੰ ਆਪਣੇ ਆਲੇ-ਦੁਆਲੇ ਪਾਣੀ ਨੂੰ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਇਹ ਪ੍ਰਗਟਾਵਾ ਕਰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਅਤੇ ਸਰਕਾਰੀ ਹਸਪਤਾਲ ਕਲਾਨੌਰ  ਵਿਖੇ ਤਾਇਨਾਤ ਮੈਡੀਸਨ ਦੇ ਮਾਹਿਰ ਡਾਕਟਰ ਸੁਖਦੀਪ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਅਕਸਰ ਹੀ ਬਰਸਾਤਾਂ ਦੇ ਸੀਜ਼ਨ ਦੌਰਾਨ ਸਾਡੇ ਘਰਾਂ ਅਤੇ ਕੰਮ-ਕਾਜੀ ਥਾਵਾਂ ਦੇ ਆਲੇ-ਦੁਆਲੇ ਪਾਣੀ ਖੜ੍ਹ ਜਾਂਦਾ ਹੈ ਜੋ ਕਿ ਮੱਛਰ ਦੇ ਲਾਰਵੇ ਅਤੇ ਮੱਛਰ ਪੈਦਾ ਹੋਣ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਏਹੀ ਮੱਛਰ ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਦਾ ਕਾਰਨ ਬਣਦੇ ਹਨ। ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਜੇਕਰ ਕਿਤੇ ਪਾਣੀ ਖੜ੍ਹਾ ਹੈ, ਤਾਂ ਉਸ ਵਿੱਚ ਕਾਲੇ ਤੇਲ ਦੀ ਵਰਤੋਂ ਕੀਤੀ ਜਾਵੇ ਤਾਂ ਮੱਛਰ ਪੈਦਾ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਆਪਣੇ ਘਰਾਂ ਦੀ ਛੱਤਾਂ ’ਤੇ ਪਏ ਗਮਲੇ, ਖਾਲੀ ਬਰਤਨ, ਟਾਇਰਾਂ ਆਦਿ ਵਿਚ ਪਾਣੀ ਨੂੰ ਖੜ੍ਹਾ ਨਾ ਹੋਣ ਦਿੱਤਾ ਜਾਵੇ, ਕੂਲਰ ਅਤੇ ਫਰਿੱਜ ਦੀਆਂ ਟਰੇਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਖਾਲੀ ਕਰਕੇ ਸਾਫ਼ ਕੀਤਾ ਜਾਵੇ। ਮੱਛਰਾਂ ਤੋਂ ਬਚਣ ਲਈ ਸਾਨੂੰ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਸਾਨੂੰ ਟਾਇਫਾਈਡ, ਹੈਜਾ, ਪੀਲੀਆ ਤੋਂ ਬਚਣ ਲਈ ਪਾਣੀ ਸਾਫ਼-ਸੁਥਰਾ ਕਲੋਰੀਨੇਟ ਕਰਕੇ, ਉਬਾਲ ਕੇ ਜਾਂ ਫਿਲਟਰ ਹੋਏ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਵਧੇਰੇ ਪੱਕੇ ਫ਼ਲ ਅਤੇ ਬੇਹਾ ਖਾਣਾ ਨਹੀਂ ਖਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਪਰੋਕਤ ਸਾਵਧਾਨੀਆਂ ਵਰਤ ਕੇ ਅਸੀਂ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ।