ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਡਿਪਟੀ ਕਮਿਸ਼ਨਰ

  • ਖਾਧ ਪਦਾਰਥਾਂ ਅਤੇ ਦੁੱਧ ਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਅਮਲ ਵਿੱਚ ਲਿਆਂਦੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ

ਤਰਨ ਤਾਰਨ, 18 ਜੂਨ 2024 : ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਹਰ ਇੱਕ ਫੂਡ ਵਿਕਰੇਤਾ ਲਈ ਫੂਡ ਦਾ ਲਾਇਸੰਸ ਅਤੇ ਰਜ਼ਿਸਟ੍ਰੇਸ਼ਨ ਲਾਜ਼ਮੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ, ਰੈਸਟੋਰੈੱਟ, ਢਾਬੇ ਵਾਲਾ, ਲਾਇਸੰਸ ਜਾਂ ਰਜ਼ਿਸਟ੍ਰੇਸ਼ਨ ਲਈ ਅਪਲਾਈ ਨਹੀਂ ਕਰਦਾ ਤਾਂ ਉਸਦੇ ਉੱਪਰ ਫੂਡ ਐੱਕਟ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਆਏ ਡੇਅਰੀਆਂ ਦੇ ਨੁਮਾਇੰਦੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਤਰਨ ਤਾਰਨ ਦੀ ਜਨਤਾ ਨੂੰ ਮਿਲਾਵਟ ਰਹਿਤ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਸਪਲਾਈ ਕਰਨ ਅਤੇ ਮਿਲਾਵਟਖੋਰੀ ਸਹਿਣਯੋਗ ਨਹੀਂ ਹੈ।ਉਹਨਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਖਾਧ ਪਦਾਰਥਾਂ ਅਤੇ ਦੁੱਧ ਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਫੂਡ ਸੇਫਟੀ ਦੀ ਰਜ਼ਿਸਟ੍ਰੇਸ਼ਨ ਜਲਦ ਤੋਂ ਜਲਦ ਕਰਵਾਈ ਜਾਵੇ ਅਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਨੂੰ ਫੂਡ ਸੇਫਟੀ ਦੀਆਂ ਹਦਾਇਤਾਂ ਅਨੁਸਾਰ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਸਭ ਨੂੰ ਮੋਟੇ ਅਨਾਜ ਮਿਲਟਸ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਮੋਟੇ ਅਨਾਜ ਦੀ ਪੈਦਾਵਾਰ ਵਧਾਉਣੀ ਚਾਹੀਦੀ ਹੈ, ਜਿਸ ਨੂੰ ਉਗਾਉਣ ਵਿੱਚ ਪਾਣੀ ਵੀ ਘੱਟ ਇਸਤੇਮਾਲ  ਹੁੰਦਾ ਹੈ। ਇਸ ਮੌਕੇ ‘ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਨੇ ਸਾਰੇ ਮੈਂਬਰਾਂ ਨੂੰ ਮਈ ਮਹੀਨੇ ਵਿੱਚ ਫੂਡ ਸੇਫ਼ਟੀ ਦੀਆਂ ਹੋਈਆਂ ਗਤੀਵਿਧੀਆਂ ਬਾਰੇ ਜਾਗਰੂਕ ਕਰਵਾਇਆ।ਉਨ੍ਹਾਂ ਦੱਸਿਆ ਕਿ ਮਈ ਮਹੀਨੇ ਵਿੱਚ ਵੱਖ-ਵੱਖ ਸਕੂਲਾਂ ਵਿੱਚ ਮਿਡ ਡੇ ਮੀਲ ਵੀ ਚੈੱਕ ਕੀਤੇ ਗਏ ਅਤੇ ਇਸ ਬਾਬਤ ਫੂਡ ਸੇਫਟੀ ਦੀਆਂ ਸਾਰੀਆਂ ਗਾਈਡਲਾਈਨਜ਼ ਵੀ ਸਾਝੀਆਂ ਕੀਤੀਆਂ ਗਈਆਂ।ਡਾ. ਸੁਖਬੀਰ ਕੌਰ ਨੇ ਮੋਟੇ ਅਨਾਜ ਦੀਆਂ ਖੂਬੀਆਂ ਅਤੇ ਹੋਣ ਵਾਲੇ ਲਾਭਾਂ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਭਾਰਤ ਭੂਸ਼ਣ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਲਾਵਟ ਰਹਿਤ ਅਤੇ ਸਵੱਛ ਖਾਧ ਪਦਾਰਥ ਮੁਹੱਇਆ ਕਰਵਾਉਣ ਲਈ ਵਚਨਬੱਧ ਹੈ ਅਤੇ ਨਿਰੰਤਰ ਇਸ ਵਾਸਤੇ ਉਪਰਾਲੇ ਕਰ ਰਿਹਾ ਹੈ।