ਗੁਰਦਾਸਪੁਰ, 28 ਦਸੰਬਰ : ਕਸਬਾ ਧਾਰੀਵਾਲ ਵਿਖੇ ਮਿਲ ਗਰਾਊਂਡ ਵਿਚ ਖੜ੍ਹੇ ਇਕ ਨੌਜਵਾਨ ਨੂੰ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ, ਜਿਸ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਜ਼ਖ਼ਮੀ ਦੀ ਪਛਾਣ ਸ਼ੈਲੀ ਪੁੱਤਰ ਮਰਹੂਮ ਜਗਦੀਸ਼ ਰਾਜ ਵਾਸੀ ਧਾਰੀਵਾਲ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਹਮਲਾਵਰਾਂ ਨੂੰ ਫੜਨ ਲਈ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੇ ਹਨ , ਉਥੇ ਹੀ ਇਕੱਠੀ ਕੀਤੀ ਗਈ ਜਾਣਕਾਰੀ ਤੋਂ ਬਾਅਦ ਮਾਮਲਾ ਦੋ ਗੁੱਟਾਂ ਦੀ ਆਪਸੀ ਰੰਜਿਸ਼ ਦਾ ਨਿਕਲ ਕੇ ਸਾਹਮਣੇ ਆਇਆ ਹੈ। ਘਟਨਾ ਵੇਲੇ ਮੌਕੇ ਤੇ ਮੌਜੂਦ ਚਸ਼ਮਦੀਦ ਜਪ ਨੇ ਦੱਸਿਆ ਕਿ ਉਹ ਅਤੇ ਸ਼ੈਲੀ ਸ਼ਾਮ ਕਰੀਬ ਪੰਜ ਵਜੇ ਮਿੱਲ ਗਰਾਊਂਡ ਧਾਰੀਵਾਲ ਵਿੱਚ ਖੜ੍ਹੇ ਸਨ। ਇਸ ਦੌਰਾਨ ਮੂੰਹ ਬੰਨ੍ਹ ਕੇ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਆਏ। ਉਨ੍ਹਾਂ ਨੇ ਆਉਂਦਿਆਂ ਹੀ ਸ਼ੈਲੀ ਨੂੰ ਪੁੱਛਿਆ ਕਿ ਤੁਹਾਡਾ ਨਾਂ ਸ਼ੈਲੀ ਹੈ ਅਤੇ ਇਹ ਪੁੱਛਣ 'ਤੇ ਉਨ੍ਹਾਂ 'ਚੋਂ ਇਕ ਨੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਇਕ ਗੋਲੀ ਸ਼ੈਲੀ ਦੇ ਪੱਟ 'ਚ ਲੱਗੀ ਤਾਂ ਸ਼ੈਲੀ ਉਥੋਂ ਭੱਜਣ ਲੱਗਾ, ਜਿਸ ਤੋਂ ਬਾਅਦ ਉਸ 'ਤੇ ਹਮਲਾਵਰਾਂ ਵੱਲੋਂ ਹੋਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ । ਸ਼ੈਲੀ ਦੇ ਇੱਕ ਹੋਰ ਗੋਲੀ ਪੱਟ ਦੇ ਦੂਜੇ ਪਾਸੇ ਅਤੇ ਇੱਕ ਛਾਤੀ ਵਿੱਚ ਬੀ ਲੱਗੀ ਹੈ। ਇਸ ਦੌਰਾਨ ਜਦੋਂ ਮੈਂ ਉਥੋਂ ਪੱਥਰ ਚੁੱਕ ਕੇ ਹਮਲਾਵਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਵੀ ਆਪਣੀ ਪਿਸਤੌਲ ਮੇਰੇ ਵੱਲ ਤਾਣ ਲਈ ਅਤੇ ਉਥੋਂ ਫ਼ਰਾਰ ਹੋ ਗਏ। ਇਸ ਦੌਰਾਨ ਮੈਂ ਕੁਝ ਹੋਰ ਦੋਸਤਾਂ ਦੀ ਮਦਦ ਨਾਲ ਜ਼ਖਮੀ ਸ਼ੈਲੀ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਇਸ ਸਬੰਧੀ ਡੀਐਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਧਾਰੀਵਾਲ ਦੇ ਪਿੰਡ ਖੁੰਡਾ ਦੇ ਕਰਨ ਅਤੇ ਪਿੰਡ ਦੀਨਪੁਰ ਦੇ ਬੰਟੀ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਦੋਵਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਜ਼ਖਮੀ ਸ਼ੈਲੀ ਬੰਟੀ ਦੇ ਗਰੁੱਪ ਦਾ ਮੈਂਬਰ ਹੈ ਅਤੇ ਕਰਨ ਗਰੁੱਪ ਦੇ ਲੋਕਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਮੌਕੇ 'ਤੇ ਚਾਰ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ 'ਚੋਂ ਤਿੰਨ ਗੋਲੀਆਂ ਸ਼ੈਲੀ ਨੂੰ ਲੱਗੀਆਂ। ਉਨ੍ਹਾਂ ਕਿਹਾ ਕਿ ਪਿੰਡ ਦੀਨਪੁਰ ਵਿੱਚ ਬੁੱਧਵਾਰ ਰਾਤ ਨੂੰ ਵੀ ਹਵਾਈ ਫਾਇਰਿੰਗ ਹੋਈ ਸੀ ਅਤੇ ਸ਼ਾਇਦ ਇਹ ਘਟਨਾ ਇਸੇ ਨਾਲ ਸਬੰਧਤ ਹੋ ਸਕਦੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।