ਵਿਧਾਇਕ ਸ਼ੈਰੀ ਕਲਸੀ ਵਲੋਂ ਅਰਬਨ ਅਸਟੇਟ ਗੁਰਦੁਆਰਾ ਸਾਹਿਬ ਤੋਂ ਕਾਹਨੂੰਵਾਨ ਰੋਡ ਤੱਕ ਸੜਕ ਦੇ ਨਵੀਨੀਕਰਨ ਤੇ ਚੌੜੀ ਕਰਨ ਦਾ ਰੱਖਿਆ ਗਿਆ ਨੀਂਹ ਪੱਥਰ

ਬਟਾਲਾ, 22 ਜੁਲਾਈ 2024 : ਬਟਾਲਾ ਦੇ ਨੋਜਵਾਨ ਤੇ ਅਗਾਂਹਵਧੂ ਸੋਚ ਦੇ ਧਾਰਨੀ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਦੇ ਚੱਲ ਰਹੇ ਵਿਕਾਸ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਅਰਬਨ ਅਸਟੇਟ ਗੁਰਦੁਆਰਾ ਸਾਹਿਬ ਤੋਂ ਕਾਹਨੂੰਵਾਨ ਰੋਡ ਤੱਕ ਸੜਕ ਦੇ ਨਵੀਨੀਕਰਨ ਤੇ ਚੌੜੀ ਕਰਨ ਦਾ ਨੀਂਹ ਪੱਥਰ ਰੱਖਿਆ। ਸ਼ਹਿਰ ਦੀਆਂ ਵੱਖ-ਵੱਖ ਸਖ਼ਸੀਅਤਾਂ ਦੀ ਮੌਜੂਦਗੀ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਉਪੰਰੰਤ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਕਾਰਜ ਤੇਜ਼ਗਤੀ ਨਾਲ ਜਾਰੀ ਹਨ ਅਤੇ ਵਿਕਾਸ ਪੱਖੋਂ ਬਟਾਲਾ ਦੀ ਨੁਹਾਰ ਬਦਲੀ ਜਾ ਰਹੀ ਹੈ। ਇਸ ਮੌਕੇ ਕਾਲੋਨੀ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੜਕ ਦੇ ਨਵੀਨੀਕਰਨ ਤੇ ਚੌੜੀ ਹੋਣ ਨਾਲ ਆਵਾਜਾਈ ਸੁਖਾਲੀ ਹੋਵੇਗੀ ਅਤੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ ਜਾਵੇਗੀ ਅਤੇ ਉਹ ਦਿਨ ਰਾਤ ਬਟਾਲਾ ਦੇ ਵਿਕਾਸ ਅਤੇ ਲੋਕਾਂ ਦੀ ਮੁਸ਼ਕਿਲਾਂ ਦਾ ਹੱਲ ਕਰਨ ਲਈ 24 ਘੰਟੇ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਰਹਿੰਦੇ ਹਨ। ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਬੀਤੇ ਦਿਨੀ ਫਤਿਹਗੜ੍ਹ ਚੂੜੀਆਂ ਚੌਂਕ ਬਟਾਲਾ ਤੋਂ ਅੰਮ੍ਰਿਤਸਰ ਚੌਂਕ ਬਟਾਲਾ ਤੱਕ ਬਾਈਪਾਸ ਨੂੰ ਚੌੜਿਆ ਤੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਇਸੇ ਤਰਾਂ ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਲੰਧਰ ਰੋਡ ਬਾਈਪਾਸ ਤੋਂ ਹੰਸਲੀ ਪੁਲ ਤੱਕ, ਉਸਮਾਨਪੁਰ ਸਿਟੀ (ਬਟਾਲਾ ਬਾਈਪਾਸ) ਤੋਂ ਅੰਮ੍ਰਿਤਸਰ ਬਾਈਪਾਸ ਰੋਡ ਤੱਕ, ਗਾਂਧੀ ਚੌਂਕ ਤੋਂ ਡੇਰਾ ਬਾਬਾ ਨਾਨਕ ਬਾਈਪਾਸ ਤੱਕ ਸੜਕ ਦੀ ਚੌੜਾਈ ਦਾ ਕੰਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ ਵੱਖ ਸਹੂਲਤਾਂ ਦੇਣ ਦੇ ਮਕਸਦ ਨਾਲ ਤਹਿਸੀਲ ਕੰਪਲੈਕਸ ਦੀ ਉਸਾਰੀ ਸਮੇਤ ਵਿਧਾਨ ਸਭਾ ਹਲਕਾ ਬਟਾਲਾ ਵਿੱਚ ਵੱਖ-ਵੱਖ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ ਵਿੱਚ ਕਿਸੇ ਪ੍ਰਾਕਰ ਦੀ ਕੋਈ ਅਣਗਲਿੀ ਨਾ ਵਰਤੀ ਜਾਵੇ ਅਤੇ ਵਿਕਾਸ ਕੰਮ ਗੁਣਵੱਤਾ ਭਰਪੂਰ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਸਖ਼ਤ ਸਬਦਾਂ ਵਿੱਚ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਜਾਂ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।