ਪ੍ਰਵਾਸੀ ਭਰਾਵਾਂ ਦੇ ਕੋਰਟ ਕੇਸਾਂ ਨੂੰ ਸਮਾਂਬੱਧ ਨਿਪਟਾਉਣ ਲਈ ਚੀਫ ਜਸਟਿਸ ਨੂੰ ਕਰਾਂਗਾ ਬੇਨਤੀ : ਧਾਲੀਵਾਲ

  • ਅਜਨਾਲਾ ਬਾਰ ਕੌਂਸਲ ਨੂੰ 2 ਲੱਖ ਰੁਪਏ ਦਾ ਦਿੱਤਾ ਚੈਕ

ਅੰਮ੍ਰਿਤਸਰ, 23 ਅਕਤੂਬਰ : ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਸ਼ਹਿਰ ਦੀ ਬਾਰ ਕੌਂਸਲ ਨੂੰ 2 ਲੱਖ ਰੁਪਏ ਦਾ ਚੈਕ ਭੇਂਟ ਕਰਦੇ ਸਮੇਂ ਕਿਹਾ ਕਿ ਉਹ ਜਲਦ ਹੀ ਪ੍ਰਵਾਸੀ ਭਰਾਵਾਂ ਦੇ ਕੋਰਟ ਕੇਸਾਂ ਨੂੰ ਸਮਾਂਬੱਧ ਨਿਪਟਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਮਿਲਣਗੇ ਅਤੇ ਬੇਨਤੀ ਕਰਨਗੇ ਕਿ ਵੱਖ ਵੱਖ ਕੋਰਟਾਂ ਵਿੱਚ ਪ੍ਰਵਾਸੀ ਭਾਰਤੀਆਂ ਦੇ ਚਲਦੇ ਕੇਸਾਂ ਨੂੰ ਜਲਦ ਨਿਪਟਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਧਾਲੀਵਾਲ ਨੇ ਅਜਨਾਲਾ ਦੇ ਬਾਰ ਕੌਂਸਲ ਦੇ ਵਕੀਲਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਐਨ:ਆਰ:ਆਈ ਭਰਾਵਾਂ ਦੇ ਕੇਸਾਂ ਨੂੰ ਪਹਿਲ ਦੇ ਅਧਾਰ ਤੇ ਦੇਖਣਤਾਂ ਜੋ ਉਨ੍ਹਾਂ ਦੇ ਕੇਸਾਂ ਨੂੰ ਜਿਆਦਾ ਸਮਾਂ ਨਾ ਲੱਗੇ। ਉਨ੍ਹਾਂ ਦੱਸਿਆ ਕਿ ਐਨ:ਆਰ:ਆਈ ਭਰਾਵਾਂ ਲਈ ਵਿਦੇਸ਼ਾਂ ਵਿੱਚੋਂ ਆ ਕੇ ਕੋਰਟ ਦੀਆਂ ਤਰੀਕਾਂ ਨੂੰ ਭੁਗਤਣ ਵਿੱਚ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ।  ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀ ਭਰਾਵਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਦਾ ਸਥਾਈ ਹੱਲ ਕਰਦੇ ਹੋਏ ਇਕ ਵਟਸਐਪ ਨੰਬਰ 9056009884 ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੰਬਰ ਤੇ ਪ੍ਰਾਪਤ ਹੋਈ ਸ਼ਿਕਾਇਤ ਸਬੰਧਤ ਅਧਿਕਾਰੀ ਤੱਕ ਪਹੁੰਚਾਈ ਜਾਵੇਗਾ ਅਤੇ ਸ਼ਿਕਾਇਤ ਦੀ ਅਪਡੇਟ ਵੀ ਸਬੰਧਤ ਪ੍ਰਵਾਸੀ ਪੰਜਾਬੀ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪ੍ਰਵਾਸੀਆਂ ਦੀਆਂ ਜਾਇਦਾਦਾਂ ਤੇ  ਕਬਜੇ ਨਹੀਂ ਹੋਣ ਦੇਵੇਗੀ ਅਤੇ ਸ਼ਰਾਰਤੀ ਅਨਸਰਾਂ ’ਤੇ ਨੱਥ ਪਾਈ ਜਾਵੇਗੀ।