ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ ਅੱਗੇ ਝੁਕੀ ਸਰਕਾਰ, ਮੀਟਿੰਗ ਦਾ ਸਮਾਂ ਦਿਤਾ, ਮੁਆਵਜ਼ੇ ਦੇ ਫ਼ੈਸਲੇ ਤੋਂ ਪਹਿਲਾਂ ਨਹੀਂ ਕੀਤਾ ਜਾਵੇਗਾ ਕਬਜ਼ਾ

ਗੁਰਦਾਸਪੁਰ, 18 ਮਈ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਰੇਲ ਰੋਕੋ ਅੰਦੋਲਨ ਦੇ ਮਹਿਜ਼ 3 ਘੰਟਿਆਂ ਵਿਚ ਹੀ ਸਰਕਾਰ ਸੰਘਰਸ਼ ਅੱਗੇ ਝੁਕ ਗਈ ਅਤੇ ਕਿਸਾਨਾਂ ਨਾਲ 24 ਮਈ ਨੂੰ ਮੀਟਿੰਗ ਦਾ ਸਮਾਂ ਦੇ ਕੇ, ਭਰੋਸਾ ਦਿਤਾ ਕਿ, ਆਰਬੀਟਰੇਸਨ ਦੇ ਮੁਆਵਜ਼ੇ ਸੰਬੰਧੀ ਫ਼ੈਸਲੇ ਤੋ ਪਹਿਲਾਂ ਕਿਤੇ ਵੀ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਕਬਜ਼ਾ ਲੈਣ ਨਹੀਂ ਆਉਣਗੇ। ਦੱਸ ਦਈਏ ਕਿ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਅਤੇ ਹਰਵਿੰਦਰ ਸਿੰਘ ਮਸਾਣੀਆਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜੋ ਕੱਲ੍ਹ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਬਿਨਾਂ ਮੁਆਵਜ਼ਾ ਦਿੱਤਿਆ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ਦੀਆਂ ਜ਼ਮੀਨਾਂ ਦਾ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਪ੍ਰਸ਼ਾਸਨ ਵੱਲੋਂ ਕੀਤੀ ਗਈ ਨਿਸ਼ਾਨ ਦੇਹੀ ਨੂੰ ਖੁਰਦ ਬੁਰਦ ਕਰਦਿਆਂ ਵੱਡੇ ਸੰਘਰਸ਼ ਦਾ ਐਲਾਨ ਕੀਤਾ। ਅੱਜ ਪੰਜਾਬ ਭਰ ਵਿੱਚ 06 ਸਥਾਨਾਂ ਤੇ ਜਥੇਬੰਦੀ ਵੱਲੋਂ ਰੇਲ ਦਾ ਚੱਕਾ ਜਾਮ ਕੀਤਾ ਗਿਆ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਪਾਈਆਂ ਵੱਟਾਂ ਢਾਹ ਕੇ ਕਿਸਾਨੀ ਕਬਜ਼ਾ ਬਾਹਲ ਕੀਤਾ ਗਿਆ ਅਤੇ ਪੁਲਿਸ ਦੇ ਅੰਨਾਵਾਹ ਕੀਤੇ ਗਏ ਤਸ਼ੱਦਦ ਦਾ ਪਿੱਟ ਸਿਆਪਾ ਕੀਤਾ ਗਿਆ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਵੱਲੋਂ ਕਿਹਾ ਗਿਆ ਕਿ ਬਿਨਾਂ ਮੁਆਵਜ਼ਾ ਅਤੇ ਕਿਸਾਨਾਂ ਦੀਆਂ ਵਾਹੀ ਸੰਬੰਧੀ ਹਾਈਵੇ ਨੂੰ ਲੈ ਕੇ ਆਉਂਦੀਆਂ ਮੁਸ਼ਕਲਾ ਦਾ ਹੱਲ ਨਹੀਂ ਹੁੰਦਾ ਕਬਜ਼ਾ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੀਮਾਂ ਖੁੱਡੀ ਵਿੱਚ ਪੁਲਿਸ ਪ੍ਰਸਾਸਨ ਵੱਲੋਂ ਬੀਬੀਆਂ ਦੇ ਮੂੰਹ ਤੇ ਚਪੇੜਾਂ ਮਾਰਨ ਵਾਲੇ ਅਤੇ ਪੱਗਾਂ ਉਤਾਰਨ ਵਾਲੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਉਪਰੰਤ ਪੁਲਿਸ ਪ੍ਰਸ਼ਾਸਨ ਵੱਲੋਂ ਡੀ ਐਸ ਪੀ ਸੁਖਪਾਲ ਸਿੰਘ ਅਤੇ ਸਿਵਲ ਪ੍ਰਸ਼ਾਸਨ ਤੋਂ ਐਸ ਡੀ ਐਮ ਗੁਰਦਾਸਪੁਰ ਅਮਨਦੀਪ ਕੌਰ ਵੱਲੋਂ ਵਿਸ਼ਵਾਸ ਦਿੱਤਾ ਗਿਆ ਕਿ 24-5-2023 ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਜਥੇਬੰਦੀ ਦੀ ਤੈਅ ਕੀਤੀ ਗਈ ਹੈ ਅਤੇ ਆਰਬੀਟਰੇਸਨ ਦੇ ਮੁਆਵਜ਼ੇ ਸੰਬੰਧੀ ਫ਼ੈਸਲੇ ਤੋ ਪਹਿਲਾਂ ਕਿਤੇ ਵੀ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਕਬਜ਼ਾ ਲੈਣ ਨਹੀਂ ਆਉਣਗੇ।  ਇਸ ਮੋਕੇ ਜ਼ਿਲ੍ਹਾ ਪ੍ਰੈਸ ਸੁਖਦੇਵ ਸਿੰਘ ਅੱਲੜ ਪਿੰਡੀ,ਹਰਭਜਨ ਸਿੰਘ ਵੈਰੋਨੰਗਲ, ਹਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ, ਹਰਜੀਤ ਸਿੰਘ ਲੀਲ ਕਲਾਂ, ਕੰਵਲਜੀਤ ਸਿੰਘ ਪੰਜਗਰਾਈਆਂ, ਸਤਨਾਮ ਸਿੰਘ ਮਧਰਾ, ਕੁਲਜੀਤ ਸਿੰਘ ਹਯਾਤ ਨਗਰ, ਸੁਖਜਿੰਦਰ ਸਿੰਘ ਗੋਹਤ ਪੋਕਰ, ਝਿਰਮਲ ਸਿੰਘ ਬੱਜੂਮਾਨ ,ਗੁਰਮੁੱਖ ਸਿੰਘ ਖਾਨ ਮਲੱਕ ਸੁਖਵਿੰਦਰ ਸਿੰਘ ਅੱਲੜ ਪਿੰਡੀ, ਜਤਿੰਦਰ ਸਿੰਘ ਵਰਿਆਂ ਕੈਪਟਨ ਸ਼ਮਿੰਦਰ ਸਿੰਘ, ਗੁਰਜੀਤ ਸਿੰਘ ਬੱਲੜਵਾਲ ,ਪਰਮਿੰਦਰ ਸਿੰਘ ਚੀਮਾਂ, ਜੋਗਾ ਸਿੰਘ ਨੱਤ , ਅਨੂਪ ਸਿੰਘ ਸੁਲਤਾਨੀ, ਸੁੱਚਾ ਸਿੰਘ ਬਲੱਗਣ, ਹਰਵਿੰਦਰ ਸਿੰਘ ਮੱਲ੍ਹੀ, ਆਗੂ ਹਾਜ਼ਰ ਸਨ।