ਈ ਟੀ ਓ ਵੱਲੋਂ ਤਰਸਿੱਕਾ ਅਤੇ ਖੱਬੇ ਰਾਜਪੂਤਾਂ ਵਿੱਚ ਹੈਲਥ ਐਂਡ ਵੈਲਨੈਸ ਸੈਂਟਰਾਂ ਦਾ ਨੀਂਹ ਪੱਥਰ

  • ਸੂਬਾ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਵਚਨਵੱਧ ਤੇ ਯਤਨਸ਼ੀਲ : ਈ ਟੀ ਓ

ਜੰਡਿਆਲਾ ਗੁਰੂ, 19 ਜੂਨ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀ ਭਲਾਈ ਅਤੇ ਵੱਖ-ਵੱਖ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਵਚਨਵੱਧ ਤੇ ਯਤਨਸ਼ੀਲ ਹੈ। ਇਹ ਪ੍ਗਟਾਵਾ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਤਰਸਿੱਕਾ ਅਤੇ ਖੱਬੇ ਰਾਜਪੂਤਾਂ ਵਿਖੇ ਦੋ ਨਵੇਂ ਹੈਲਥ ਐਂਡ ਵੈਲਨੈਸ ਕੇਅਰ ਸੈਂਟਰਾਂ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਅੱਜ ਆਪਣੇ ਹਲਕੇ ਦੇ ਪਿੰਡ ਤਰਸਿੱਕਾ ਵਿਖੇ 29 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਲਾਕ ਪਬਲਿਕ ਹੈਲਥ ਯੂਨਿਟ ਅਤੇ ਪਿੰਡ ਖੱਬੇ ਰਾਜਪੂਤਾਂ ਵਿਖੇ ਇੰਨੀ ਹੀ ਲਾਗਤ ਨਾਲ ਬਣਨ ਵਾਲੇ ਹੈਲਥ ਐਂਡ ਵੈਲਨੈਸ ਕੇਅਰ ਸੈਂਟਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਚ ਸਭ ਤੋਂ ਅਹਿਮ ਤੇ ਉੱਤਮ ਹਨ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਇਨ੍ਹਾਂ ਖੇਤਰਾਂ ਵਿੱਚ ਸਭ ਤੋਂ ਵੱਧ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਬਣਨ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਸਿਹਤ ਸਬੰਧੀ ਸਮੱਸਿਆ ਦਾ ਹੱਲ ਆਪਣੇ ਪਿੰਡ ਤੇ ਘਰ ਵਿੱਚ ਮੁਫ਼ਤ ਉਪਲੱਬਧ ਹੋਵੇਗਾ, ਜਿੱਥੇ ਮੁਫ਼ਤ ਟੈਸਟ ਅਤੇ ਮੁਫ਼ਤ ਦਵਾਈਆਂ ਮਾਹਿਰ ਡਾਕਟਰਾਂ ਵੱਲੋਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਇਸ ਇਲਾਕੇ ਵਿੱਚ ਆਉਂਦਾ ਸੀ ਤਾਂ ਡਿਸਪੈਂਸਰੀ ਦੀ ਹਾਲਤ ਮੈਨੂੰ ਰੜਕਦੀ ਸੀ, ਸੋ ਮੈਂ ਇਸਨੂੰ ਅਪਗਰੇਡ  ਕਰਨ ਦਾ ਤੁਹਾਡੇ ਨਾਲ ਵਾਅਦਾ ਕੀਤਾ ਸੀ, ਜਿਸ ਨੂੰ ਅੱਜ ਪੂਰਾ ਕਰਕੇ ਬੜੀ ਖੁਸ਼ੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਚਾਰ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਵਿਖਾਉਂਦੀ ਹੈ। ਇਸ ਮੌਕੇ ਚੇਅਰਮੈਨ ਸੂਬੇਦਾਰ ਛਨਾਕ ਸਿੰਘ, ਸਿਵਲ ਸਰਜਨ ਡਾ ਵਿਜੈ ਕੁਮਾਰ, ਡਾ ਗੁਰਵਿੰਦਰ ਸਿੰਘ ਚੇਅਰਮੈਨ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਸਖਸੀਅਤਾਂ ਹਾਜ਼ਰ ਸਨ।