ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਵੱਲੋਂ 'ਪੰਜਾਬੀ ਨਾਟਕ ਦੀ ਪੇਸ਼ਕਾਰੀ ਤੇ ਪੁਸਤਕ ਲੋਕ ਅਰਪਣ ' ਸਮਾਰੋਹ ਦਾ ਕੀਤਾ ਆਯੋਜਨ 

ਪਠਾਨਕੋਟ, 1 ਨਵੰਬਰ : ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਤੇ ਅਗਵਾਈ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਵੱਲੋਂ 'ਪੰਜਾਬੀ ਨਾਟਕ ਦੀ ਪੇਸ਼ਕਾਰੀ ਤੇ ਪੁਸਤਕ ਲੋਕ ਅਰਪਣ ' ਸਮਾਰੋਹ ਦਾ ਆਯੋਜਨ ਆਕਰਸ਼ਣ ਕਾਲਜ ਆਫ਼ ਐਜੂਕੇਸ਼ਨ,ਨਰੋਟ ਜੈਮਲ ਸਿੰਘ ਵਿਖੇ ਕੀਤਾ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਦਰਸ਼ਨ ਤ੍ਰਿਪਾਠੀ ਜੀ ਨੇ ਸ਼ਮੂਲੀਅਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ 'ਸੂਹੀ ਸਵੇਰ ' ਮੈਗਜ਼ੀਨ ਦੇ ਸੰਪਾਦਕ ਡਾ.ਗੁਰਚਰਨ ਗਾਂਧੀ, ਪ੍ਰਸਿੱਧ ਸਾਹਿਤਕਾਰ ਤੇ ਮੈਗਜ਼ੀਨ 'ਰੂਪਾਂਤਰ' ਦੇ ਸੰਪਾਦਕ ਸ. ਧਿਆਨ ਸਿੰਘ ਸ਼ਾਹ ਸਿਕੰਦਰ ਤੇ ਨਾਵਲਕਾਰ ਸ਼੍ਰੀ ਯਸ਼ਪਾਲ ਸ਼ਰਮਾ ਜੀ ਸ਼ਾਮਲ ਹੋਏ। ਸਮਾਰੋਹ ਦਾ ਆਗਾਜ਼ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਕਿਰਨ ਰਾਜਪੂਤ ਵੱਲੋਂ ਆਏ ਮਹਿਮਾਨਾਂ, ਅਦੀਬਾਂ ਤੇ ਸਾਹਿਤ ਪ੍ਰੇਮੀਆਂ ਨੂੰ ਸਵਾਗਤੀ ਬੋਲਾਂ ਰਾਹੀਂ ਕਾਲਜ ਵਿੱਚ ਆਉਣ ਲਈ 'ਜੀ ਆਇਆਂ ਨੂੰ ' ਕਿਹਾ। ਇਸ ਉਪਰੰਤ ਪ੍ਰਿਤਪਾਲ ਸਿੰਘ ਹੋਰਾਂ ਦੀ ਨਿਰਦੇਸ਼ਨਾ ਵਿੱਚ ਤਿਆਰ ਹੋਇਆ ਪੰਜਾਬੀ ਨਾਟਕ ' ਕਥਾ ਇੱਕ ਕਿੰਨਰ ਦੀ ' ਨੋਰਾ ਰਿਚਰਡਜ਼ ਕਲਾ ਮੰਚ, ਦੀਨਾਨਗਰ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ। ਪੰਦਰਾਂ ਅਦਾਕਾਰਾ ਦੀ ਅਦਾਕਾਰੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਤੇ  ਸਾਰਾ ਸਮਾਂ ਸੁੰਨ ਪਸਰੀ ਰਹੀ। ਕਮਾਲ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਹਲੂਣ ਕੇ ਰੱਖ ਦਿੱਤਾ ਤੇ ਨਾਟਕ ਦੀ ਸਮਾਪਤੀ 'ਤੇ ਲੰਬਾ ਸਮਾਂ ਉਹ ਤਾੜੀਆਂ ਵਜਾਉਂਦੇ ਰਹੇ। ਇਸ ਤੋਂ ਬਾਅਦ ਕੁਸ਼ਲ ਭੌਰਾ ਹੋਰਾਂ ਦੀ ਲਿਖੀ ਅਤੇ ਡਾ.ਗੁਰਚਰਨ ਗਾਂਧੀ ਹੋਰਾਂ ਦੁਆਰਾ ਸੰਪਾਦਿਤ ਕਿਤਾਬ ' ਦਾਸਤਾਨ -ਏ-ਚਮਨ ' ਲੋਕ ਅਰਪਿਤ ਕੀਤੀ ਗਈ। ਮੁੱਖ ਮਹਿਮਾਨ ਜੀ ਨੇ ਬੋਲਦਿਆਂ ਅੱਜ ਦੇ ਸਮਾਗਮ ਦੀ ਸਫ਼ਲਤਾ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ,ਪਠਾਨਕੋਟ ਦੇ ਜ਼ਿਲ੍ਹਾ ਪਠਾਨਕੋਟ ਵਿੱਚ ਖੁੱਲ੍ਹਣ ਨਾਲ ਅਤੇ ਇਸ ਵੱਲੋਂ ਵੱਡੀ ਗਿਣਤੀ ਵਿੱਚ ਕੀਤੇ ਜਾ ਰਹੇ ਸਮਾਗਮਾਂ ਅਤੇ ਕੀਤੇ ਜਾ ਰਹੇ ਉਪਰਾਲਿਆਂ ਨਾਲ ਜ਼ਿਲ੍ਹੇ ਵਿੱਚ ਸਾਹਿਤਕ ਮਾਹੌਲ ਸਿਰਜਿਆ ਗਿਆ ਹੈ। ਉਨ੍ਹਾਂ ਨਾਟਕ ਤੇ ਰੰਗਮੰਚ ਦੇ ਸੰਬੰਧ ਵਿੱਚ ਬਹੁਤ ਵਧੀਆ ਚਰਚਾ ਕੀਤੀ ਤੇ ਅੱਜ ਦੀ ਪੇਸ਼ਕਾਰੀ ਨੂੰ ਸਿਖ਼ਰ ਦੀ ਪੇਸ਼ਕਾਰੀ ਕਿਹਾ।ਡਾ ਗੁਰਚਰਨ ਗਾਂਧੀ ਹੋਰਾਂ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਬੇਹੱਦ ਲੋੜ ਹੈ। ਉਨ੍ਹਾਂ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਕੀਤੇ ਜਾ ਰਹੇ ਉਪਰਾਲਿਆਂ ਅਤੇ ਗਤੀਵਿਧੀਆਂ ਦੀ ਰੱਜ ਕੇ ਸ਼ਲਾਘਾ ਕੀਤੀ ਤੇ ਅੱਜ ਦੇ ਦਿਨ ਨੂੰ ਸੁਭਾਗਾ ਦਿਨ ਕਿਹਾ। ਉਨ੍ਹਾਂ ਕਿਹਾ ਕਿ ਇਹ ਯਾਦਗਾਰੀ ਪਲ ਹਮੇਸਾ ਉਨ੍ਹਾਂ ਦੇ ਚੇਤਿਆਂ ਵਿੱਚ ਸਾਂਭੇ ਰਹਿਣਗੇ। ਸ਼ਾਹ ਸਿਕੰਦਰ ਜੀ ਨੇ ਆਪਣੇ ਜੀਵਨ ਵਿੱਚ ਖੇਡੇ ਗਏ ਨਾਟਕਾਂ ਦੀ ਸਾਂਝ ਪਵਾਉਂਦੇ ਹੋਏ ਅੱਜ ਦੀ ਪੇਸ਼ਕਾਰੀ ਨੂੰ ਸਫ਼ਲਤਾ ਦੀਆਂ ਸਿਖ਼ਰਾਂ ਛੂਹ ਲੈਣ ਵਾਲੀ ਕਿਹਾ। ਯਸ਼ਪਾਲ ਸ਼ਰਮਾ ਹੋਰਾਂ ਨੇ ਵਿਦਿਆਰਥੀਆਂ ਨੂੰ ਮੋਬਾਇਲ ਫੋਨਾਂ 'ਚੋਂ ਬਾਹਰ ਨਿਕਲ ਕੇ ਸਾਹਿਤ ਨਾਲ ਜੁੜਨ ਦੀ ਕਿਹਾ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਹੋਰਾਂ ਨੇ ਪਹੁੰਚੇ ਵਿਦਵਾਨਾਂ ਦਾ ਧੰਨਵਾਦ ਕੀਤਾ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਇਸ ਸਰਹੱਦੀ ਇਲਾਕੇ ਵਿੱਚ ਅੱਜ ਦਾ ਇਹ ਸਮਾਰੋਹ ਬੇਹੱਦ ਸਫ਼ਲ ਰਿਹਾ ਹੈ ਤੇ ਦਰਸ਼ਕਾਂ ਵੱਲੋਂ ਭਰਪੂਰ ਸਲਾਹਿਆ ਗਿਆ ਹੈ। ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਭਾਸ਼ਾਵਾਂ ਦੇ ਵਿਕਾਸ ਲਈ ਕੀਤੇ ਜਾ ਉਪਰਾਲਿਆਂ ਸੰਬੰਧੀ ਵੀ ਜਾਣਕਾਰੀ ਦਿੱਤੀ। ਸਮਾਰੋਹ ਦੇ ਅੰਤ ਵਿੱਚ ਆਏ ਮਹਿਮਾਨਾਂ , ਵਿਦਵਾਨਾਂ ਤੇ ਰੰਗਕਰਮੀਆਂ ਨੂੰ ਸਨਮਾਨ ਚਿੰਨ੍ਹ ਤੇ ਸਨਮਾਨ ਪੱਤਰ ਆਦਿ ਦੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਜਲੰਧਰ ਤੋਂ ਕਵਿਤਰੀ ਸੋਨੀਆ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਮੰਚ ਦਾ ਸੰਚਾਲਨ ਸਹਾਇਕ ਪ੍ਰੋਫ਼ੈਸਰ ਰੰਮੀ ਸੈਣੀ ਵੱਲੋਂ ਬਾਖੂਬੀ ਕੀਤਾ ਗਿਆ। ਇਸ ਸਮਾਰੋਹ ਵਿੱਚ ਸਫ਼ਲਤਾ ਪ੍ਰਦਾਨ ਕਰਨ ਲਈ ਕਾਲਜ ਦੇ ਪ੍ਰਿੰਸੀਪਲ, ਮੈਨੇਜਮੈਂਟ ਤੇ ਸਟਾਫ ਅਤੇ ਸਮਾਂ ਕੱਢ ਕੇ ਸ਼ਿਰਕਤ ਕਰਨ ਲਈ ਆਏ ਵਿਦਵਾਨਾਂ ਦਾ ਧੰਨਵਾਦ ਖੋਜ ਅਫ਼ਸਰ ਰਾਜੇਸ਼ ਕੁਮਾਰ ਹੋਰਾਂ ਨੇ ਕੀਤਾ।