ਡਿਪਟੀ ਕਮਿਸ਼ਨਰ ਵੱਲੋਂ ਸਕੂਲ ਵੈਨਾਂ ਦੀ ਲਗਾਤਾਰ ਚੈਕਿੰਗ ਦੇ ਆਦੇਸ਼

  • ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਕੋਈ ਢਿੱਲ ਨਾ ਦਿੱਤੀ ਜਾਵੇ-ਡਿਪਟੀ ਕਮਿਸ਼ਨਰ

ਤਰਨਤਾਰਨ, 30 ਅਕਤੂਬਰ : ਰੋਡ ਸੇਫਟੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਟਰੈਫਿਕ ਪੁਲਿਸ, ਆਰ ਟੀ ਏ ਅਤੇ ਸਕੂਲ ਸੇਫਟੀ ਵਿਚ ਲੱਗੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਵਾਹਨਾਂ ਦੀ ਲਗਾਤਾਰ ਜਾਂਚ ਕੀਤੀ ਜਾਵੇ। ਉਨਾਂ ਕਿਹਾ ਕਿ ਸਕੂਲ ਵਾਹਨਾਂ ਦੀ ਚੈਕਿੰਗ ਕਰਦੇ ਵਕਤ ਕੇਵਲ ਉਨਾਂ ਦੇ ਕਾਗਜ਼ਾਤ, ਟੈਕਸ ਆਦਿ ਹੀ ਨਾ ਵੇਖੇ ਜਾਣ, ਬਲਕਿ ਇਸ ਗੱਲ ਦੀ ਤਸੱਲੀ ਵੀ ਕੀਤੀ ਜਾਵੇ ਕਿ ਕੀ ਉਹ ਵਾਹਨ ਬੱਚਿਆਂ ਲਈ ਸੁਰੱਖਿਅਤ ਵੀ ਹੈ ਜਾਂ ਨਹੀਂ। ਉਨਾਂ ਕਿਹਾ ਕਿ ਇਸ ਕੰਮ ਲਈ ਪੁਲਿਸ ਤੋਂ ਇਲਾਵਾ ਸੈਕਟਰੀ ਆਰ. ਟੀ. ਏ, ਐਸ ਡੀ ਐਮ ਅਤੇ ਸਕੂਲ ਸੇਫਟੀ ਵਿਚ ਲੱਗੇ ਵਿਭਾਗ ਮੁਸ਼ਤੈਦ ਰਹਿਣ।  ਇਸ ਮੌਕੇ ਸੈਕਟਰੀ ਆਰ ਟੀ ਏ ਸ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਜਿਲ੍ਹਾ ਚਾਈਲਡ ਸਰੱਖਿਆ ਅਧਿਕਾਰੀ ਵੱਲੋਂ 37 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ ਸਨ। ਇਸ ਤੋਂ ਇਲਾਵਾ ਸੁਰੱਖਿਆ ਦੇ ਲਿਹਜ਼ੇ ਤੋਂ ਪੁਲਿਸ ਵੱਲੋਂ 4934 ਅਤੇ ਸੈਕਟਰੀ ਆਰ ਟੀ ਏ ਦੀਆਂ ਟੀਮਾਂ ਵੱਲੋਂ 497 ਵੱਖ-ਵੱਖ ਵਾਹਨ, ਜਿੰਨਾ ਵਿਚ ਸਕੂਲ ਵਾਹਨਾਂ ਦੇ ਨਾਲ-ਨਾਲ ਕਮਰਸ਼ੀਅਲ ਗੱਡੀਆਂ ਤੇ ਸਕੂਟਰ, ਮੋਟਰ ਸਾਈਕਲ ਤੇ ਕਾਰਾਂ ਆਦਿ ਵੀ ਸ਼ਾਮਿਲ ਹਨ, ਦੇ ਚਲਾਨ ਕੀਤੇ ਗਏ। ਉਨਾਂ ਕਿਹਾ ਕਿ ਸਾਡਾ ਮਨਸ਼ਾ ਚਲਾਨ ਕੱਟ ਕੇ ਲੋਕਾਂ ਨੂੰ ਖੱਜ਼ਲ ਕਰਨਾ ਨਹੀਂ ਹੁੰਦਾ, ਬਲਕਿ ਇਹ ਚਲਾਨ ਸੜਕ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੇ ਜਾਂਦੇ ਹਨ। ਅਰਸ਼ਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਤਰਨਤਾਰਨ ਜਿਲ੍ਹੇ ਵਿਚ 8 ਅਜਿਹੇ ਸਥਾਨ, ਜਿੱਥੇ ਕਿ ਵੱਧ ਸੜਕ ਹਾਦਸੇ ਹੁੰਦੇ ਹਨ, ਦੀ ਸ਼ਨਾਖਤ ਕੀਤੀ ਗਈ ਹੈ, ਜਿੰਨਾ ਵਿਚ ਝਬਾਲ ਚੌਕ, ਜੰਡਿਆਲਾ ਚੌਕ, ਮਾਝਾ ਸਕੂਲ ਟੀ ਪੁਆਇੰਟ, ਰਸੂਲਪੁਰ ਨਹਿਰਾਂ, ਪੰਡੋਰੀ ਗੋਲਾ ਟੀ ਪੁਆਇੰਟ, ਨਾਗੋਕੇ ਮੋੜ, ਚੂਸਲੇਵੜ ਚੌਕ ਅਤੇ ਪੱਟੀ ਮੋੜ ਸਰਹਾਲੀ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਹਦਾਇਤ ਕੀਤੀ ਕਿ ਨੈਸ਼ਨਲ ਹਾਈਵੇ ਅਥਾਰਿਟੀ ਨਾਲ ਮਿਲਕੇ ਇੰਨਾ ਸਥਾਨਾਂ ਨੂੰ ਹਾਦਸਾ ਮੁਕਤ ਕਰਨ ਲਈ ਉਪਾਅ ਕੀਤੇ ਜਾਣ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਸ੍ਰੀ ਦੀਪਕ ਭਾਟੀਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।