ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ  ਨੇ ਜ਼ਿਲੇ ਅੰਦਰ ਆ ਰਹੀ ਖਾਦਾਂ ਦੀ ਕਿੱਲਤ ਦਾ ਲਿਆ ਜਾਇਜਾ

  • ਕਿਸਾਨਾਂ ਨੂੰ ਆ ਰਹੀ ਇਸ ਮੁਸ਼ਕਿਲ ਦਾ ਪਹਿਲ ਦੇ ਆਧਾਰ ਹੱਲ ਕਰਨ ਦਾ ਦਿੱਤਾ ਭਰੋਸਾ

ਤਰਨ ਤਾਰਨ 01 ਨਵੰਬਰ : ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ  ਨੇ ਜ਼ਿਲੇ ਅੰਦਰ ਆ ਰਹੀ ਖਾਦਾਂ ਦੀ ਕਿੱਲਤ ਦਾ ਜਾਇਜਾ ਲਿਆ ਅਤੇ ਭਰੋਸਾ ਦਿੱਤਾ ਕਿ ਜਲਦ ਹੀ ਸਰਕਾਰ ਪਹਿਲ ਦੇ ਅਧਾਰ "ਤੇ ਕਿਸਾਨਾਂ ਨੂੰ ਆ ਰਹੀ ਇਸ ਮੁਸ਼ਕਿਲ ਦਾ ਹੱਲ ਕਰੇਗੀ। ਇਸ ਮੌਕੇ ਤੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਸ੍ਰੀ ਸੁਰਿੰਦਰ ਸਿੰਘ ਨੇ ਸਮੂਹ ਸਟਾਫ਼ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਸਾਰੇ ਬਲਾਕਾਂ ਵਿੱਚ ਮੌਜੂਦ ਪ੍ਰਾਈਵੇਟ ਡੀਲਰਾਂ ਅਤੇ ਸਹਿਕਾਰੀ ਸਭਾਵਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇ ਅਤੇ ਖਾਦਾਂ ਨਾਲ ਹੋਰ ਖੇਤੀ ਵਸਤੂਆਂ ਦੀ ਟੈਗਿੰਗ ਹੁੰਦੀ ਹੈ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਸ੍ਰੀ ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਚਾਲੂ ਹਾੜ੍ਹੀ ਸੀਜ਼ਨ 2023-24 ਲਈ ਕੁੱਲ 25000 ਮੀਟ੍ਰਿਕ ਟਨ ਡੀ. ਏ. ਪੀ. ਖਾਦ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚੋਂ ਮਿਤੀ 1.08.2023 ਤੋਂ 31.10.2023 ਤੱਕ ਲਗਭਗ 11800 ਮੀਟ੍ਰਿਕ ਟਨ ਡੀ. ਏ. ਪੀ. ਖਾਦ ਪ੍ਰਾਪਤ ਹੋ ਚੁੱਕੀ ਹੈ ਜਿਸਦੀ ਵੰਡ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 80% ਖਾਦ ਸਹਿਕਾਰੀ ਸਭਾਵਾਂ ਅਤੇ 20% ਖਾਦ ਪ੍ਰਾਈਵੇਟ ਡੀਲਰਾਂ ਨੂੰ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਮਿੱਟੀ ਵਿੱਚ ਹੀ ਜਜਬ ਕਰਨ ਤਾਂ ਜੋ ਮਿੱਟੀ ਅਤੇ ਵਾਤਾਵਰਣ ਦੀ ਸਿਹਤ ਨੂੰ ਪਲੀਤ ਹੋਣ ਤੋਂ ਰੋਕਿਆ ਜਾ ਸਕੇ।