ਗੁਰਦਾਸਪੁਰ, 27 ਨਵੰਬਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੱਤੀ ਹੈ। ਆਪਣੇ ਵਧਾਈ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ `ਸਰਬੱਤ ਦਾ ਭਲਾ` ਅੱਜ ਵੀ ਸਾਰੇ ਸੰਸਾਰ ਲਈ ਉਨ੍ਹਾਂ ਹੀ ਪ੍ਰਸੰਗਿਕ ਹੈ ਜਿੰਨਾ ਪਹਿਲਾਂ ਸੀ। ਉਨ੍ਹਾਂ ਕਿਹਾ ਕਿ “ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਨੂੰ ਪਿਆਰ ਅਤੇ ਸਦਭਾਵਨਾ ਦੀ ਸਿਖਿਆ ਦਿੰਦਾ ਹੈ। ਉਹਨਾਂ ਨੇ ਸਾਨੂੰ ‘ਇੱਕ ਓਅੰਕਾਰ ਸਤਨਾਮ’ ਦਾ ਮੰਤਰ ਦਿੱਤਾ, ਜੋ ‘ਪ੍ਰਮਾਤਮਾ ਕੇਵਲ ਇੱਕ ਹੈ’ ਦੇ ਸਿਧਾਂਤ ਨੂੰ ਦਰਸਾਉਂਦਾ ਹੈ।” "ਗੁਰੂ ਨਾਨਕ ਦੇਵ ਜੀ ਨੇ ਪਿਆਰ, ਸ਼ਾਂਤੀ ਅਤੇ ਦਇਆ ਦੀਆਂ ਕਦਰਾਂ ਕੀਮਤਾਂ `ਤੇ ਜ਼ੋਰ ਦਿੱਤਾ ਅਤੇ ਮਨੁੱਖਤਾ ਦੀ ਸੇਵਾ ਨੂੰ ਪ੍ਰਮਾਤਮਾ ਦੀ ਸੇਵਾ ਦੇ ਬਰਾਬਰ ਦੱਸਿਆ। ਉਨ੍ਹਾਂ ਦਾ ਸੰਦੇਸ਼ ਜਿਵੇਂ ਕਿ `ਵੰਡ ਛਕੋ` ਭਾਵ ਜੋ ਵੀ ਤੁਹਾਡੇ ਕੋਲ ਹੈ ਦੂਜਿਆਂ ਨਾਲ ਸਾਂਝਾ ਕਰੋ, `ਕਿਰਤ ਕਰੋ` ਭਾਵ ਇਮਾਨਦਾਰੀ ਨਾਲ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਓ ਅਤੇ `ਨਾਮ ਜਪੋ` ਭਾਵ ਹਰ ਸਮੇਂ ਪਰਮਾਤਮਾ ਨੂੰ ਯਾਦ ਕਰੋ, ਉਨ੍ਹਾਂ ਦੀਆਂ ਸਿੱਖਿਆਵਾਂ ਦਾ ਸਾਰ ਹੈ।" ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਧਰਤੀ ਨੂੰ ਮਾਣ ਹੈ ਕਿ ਜਗਤ ਗਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਚਰਨਾਂ ਨਾਲ ਇਹ ਧਰਤੀ ਪਵਿੱਤਰ ਹੋਈ ਹੈ।