ਵਾਤਵਰਣ ਵਿਭਾਗ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਉਤੇ 10 ਕਿਸਾਨਾਂ ਵਿਰੁੱਧ ਵਾਯੂ ਐਕਟ ਅਧੀਨ ਅਪਰਾਧਿਕ ਸ਼ਿਕਾਇਤ ਦਰਜ

  • ਦੋਸ਼ੀ ਪਾਏ ਜਾਣ ਉਤੇ ਹੋ ਸਕਦੀ ਤਿੰਨ ਮਹੀਨੇ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ

ਅੰਮ੍ਰਿਤਸਰ, 2 ਨਵੰਬਰ : ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਵਾਤਾਵਰਣ ਸਬੰਧੀ ਵਿਭਾਗ ਨੇ  ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਚੱਲਦੇ ਅੱਜ 10 ਕਿਸਾਨਾਂ ਵਿਰੁੱਧ ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਅੰਮ੍ਰਿਤਸਰ ਕੋਲ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਵਾਤਾਵਰਣ ਇੰਜੀਨੀਅਰ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਡੇ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੀਆਂ ਸ਼ਿਕਾਇਤਾਂ ਦੇ ਅਧਾਰ ਉਤੇ ਪਿੰਡ ਨਾਗ ਕਲਾਂ ਵਾਸੀ ਸੰਤੋਖ ਸਿੰਘ ਪੁੱਤਰ ਹਰਦਿੱਤ ਸਿੰਘ, ਸਠਿਆਲਾ ਵਾਸੀ ਕੰਵਲਜੀਤ ਸਿੰਘ ਪੁੱਤਰ ਸੁਰਜੀਤ ਸਿੰਘ, ਬਾਲੀਆਂ ਮੰਝਪੁਰ ਵਾਸੀ ਪਰਮਜੀਤ ਕੌਰ ਪਤਨੀ ਕਰਤਾਰ ਸਿੰਘ, ਖਾਸਾ ਵਾਸੀ  ਜੱਸਾ ਸਿੰਘ ਪੁੱਤਰ ਹਜ਼ਾਰਾ ਸਿੰਘ, ਰਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ, ਹਰਦੀਪ ਸਿੰਘ ਪੁੱਤਰ ਸੁਖਬੀਰ ਸਿੰਘ, ਸੰਗਤਪੁਰਾ ਵਾਸੀ ਰਣਜੀਤ ਸਿੰਘ ਪੁੱਤਰ ਬੰਤਾ ਸਿੰਘ, ਗੁਰੋ ਪੁੱਤਰੀ ਬੰਤਾ ਸਿੰਘ, ਬੀਰੋ ਪੁੱਤਰੀ ਬੰਤਾ ਸਿੰਘ, ਨਿੰੰਦਰ ਕੌਰ ਪੁੱਤਰੀ ਬੰਤਾ ਸਿੰਘ ਸਾਰੇ ਵਾਸੀ ਸੰਗਤਪੁਰਾ ਖਿਲਾਫ ਵਾਤਾਵਰਣ ਬਚਾਓ ਐਕਟ 1981 ਅਧੀਨ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨਾਂ ਕਿਹਾ ਕਿ ਇਸ ਐਕਟ ਅਧੀਨ ਜੇਕਰ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਤਿੰਨ ਮਹੀਨੇ ਦੀ ਸਜ਼ਾ ਜਾਂ 10 ਹਜ਼ਾਰ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਸ੍ਰੀ ਸੁਖਦੇਵ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਸਾੜ ਕੇ ਜਿੱਥੇ ਆਪਣੀ ਜਮੀਨ ਤੇ ਵਾਤਵਰਣ ਦਾ ਨੁਕਸਾਨ ਕਰ ਰਹੇ ਹਨ, ਉਥੇ ਉਨਾਂ ਨੂੰ ਵਿਭਾਗ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਸੋ ਸਾਰੇ ਕਿਸਾਨ ਪਰਾਲੀ ਨੂੰ ਸਾੜਨ ਦੀ ਥਾਂ ਆਪਣੇ ਖੇਤਾਂ ਵਿਚ ਵਾਹੁਣ ਜਾਂ ਭਵਿੱਖ ਦੀਆਂ ਲੋੜਾਂ ਲਈ ਭੰਡਾਰ ਕਰਨ।