ਬਟਾਲਾ, 29 ਦਸੰਬਰ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਵੋਟਰਾਂ ਨੂੰ ਵੋਟ ਪਾਉਣ, ਨਵੀਂ ਵੋਟ ਬਣਾਉਣ, ਈ. ਵੀ. ਐਮ ਅਤੇ ਵੀ. ਵੀ. ਪੀ. ਏ. ਟੀ. ਸਬੰਧੀ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ‘ਸਵੀਪ ਵੋਟਰ ਜਾਗਰੂਕਤਾ ਵੈਨ’ ਚਲਾਈ ਜਾ ਰਹੀ ਹੈ। ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਗਰੂਕਤਾ ਵੈਨ ਜ਼ਿਲੇ ਭਰ ਅੰਦਰ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫਸਰ ਸਵੀਪ ਸ੍ਰੀਮਤੀ ਮਮਤਾ ਸੇਠੀ ਨੇ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤੋਂ ਸਵੀਪ ਵੋਟਰ ਜਾਗਰੂਕਤਾ ਵੈਨ ਚਲਾਈ ਗਈ ਤੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨਾਂ ਅੱਗੇ ਕਿਹਾ ਕਿ ਸਵੀਪ ਵੋਟਰ ਜਾਗਰੂਕਤਾ ਵੈਨ ਦਾ ਉਦੇਸ ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਬਾਰੇਜਾਗਰੂਕ ਕਰਨਾ ਹੈ।ਇਹ ਜਾਗਰੂਕਤਾ ਵੈਨ ਜ਼ਿਲ੍ਹੇ ਵਿੱਚ ਸ਼ੁਰੂ ਕੀਤੀਆਂ ਗਈਆਂ ਸਵੀਪ ਗਤੀਵਿਧੀਆਂ ਦਾ ਹਿੱਸਾ ਹੈ, ਜੋ ਜ਼ਿਲ੍ਹੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਵੋਟਰਾਂ ਨੂੰ ਵੋਟਰ ਹੈਲਪ ਲਾਈਨ-1950 ਅਤੇ ਈ. ਵੀ. ਐਮ ਅਤੇ ਵੀ. ਵੀ. ਪੀ. ਏ. ਟੀ. ਦੇ ਕੰਮਕਾਜ ਬਾਰੇ ਜਾਗਰੂਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਵੈਨ ਜ਼ਿਲ੍ਹੇ ਅੰਦਰ ਪੈਂਦੇ ਵਿਧਾਨ ਸਭਾ ਹਲਕਿਆਂ ਵਿਚ ਨਿਰਧਾਰਿਤ ਪਲਾਨ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰੇਗੀ। ਉਨਾਂ18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਬਣਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਸੋਚ ਸਮਝ ਕੇ ਪਾਉਣ ਅਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਇਸ ਸੰਵਿਧਾਨਿਕ ਅਧਿਕਾਰ ਦੀ ਵਰਤੋਂ ਯੋਗ ਉਮੀਦਵਾਰ ਦੇ ਹੱਕ ਵਿੱਚ ਕਰਨੀ ਚਾਹੀਦੀ ਹੈ, ਕਿਉਂਕਿ ਸਾਡੀ ਵੋਟ ‘ਤੇ ਹੀ ਸਾਡਾ ਅਤੇ ਸਾਡੇ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ।