ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਕੀਤੇ ਗਏ ਕੰਮਾਂ ਦਾ ਕੀਤਾ ਰੀਵਿਊ 

  • ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇ - ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 1 ਦਸੰਬਰ : ਵਿਕਸਤ ਭਾਰਤ ਸੰਕਲਪ ਯਾਤਰਾ ਦੇ ਸਬੰਧ ਵਿੱਚ ਕੀਤੇ ਗਏ ਕੰਮਾਂ ਦਾ ਰੀਵਿਊ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ 15 ਨਵੰਬਰ ਤੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੇਂਦਰ ਦੇ ਪ੍ਰਮੁੱਖ ਯੋਜਨਾਵਾਂ ਤੇ ਪ੍ਰੋਗਰਾਮਾਂ ਨੂੰ ਲਾਭਪਾਤਰੀਆਂ ਤੱਕ ਪਹੁੰਚਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਹ ਯਾਤਰਾ 25 ਜਨਵਰੀ ਨੂੰ ਸਮਾਪਤ ਹੋਵੇਗੀ। ਉਨਾਂ ਦੱਸਿਆ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਦੀ ਜਾਗਰੂਕਤਾ ਵੈਨ ਜਿਲ੍ਹੇ ਦੇ ਵੇਰਕਾ, ਮਜੀਠਾ, ਹਰਸ਼ਾ ਛੀਨਾ ਅਤੇ ਅਟਾਰੀ ਬਲਾਕ ਵਿੱਚ ਪਹੁੰਚ ਕੇ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪੰਜਾਬ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ ਅਤੇ ਜਿਲ੍ਹਾਂ ਲਾਭਪਾਤਰੀਆਂ ਵਲੋਂ ਇਨਾਂ ਸਕੀਮਾਂ ਦਾ ਲਾਭ ਉਠਾਇਆ ਗਿਆ ਹੈ ਉਹ ਆਪਣੇ ਵਿਚਾਰ ਵੀ ਸਾਂਝੇ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਬਤੌਰ ਨੋਡਲ ਅਫ਼ਸਰ ‘ਵਿਕਸਤ ਭਾਰਤ ਸੰਕਲਪ ਯਾਤਰਾ- ਹਮਾਰਾ ਸੰਕਲਪ ਵਿਕਸਿਤ ਭਾਰਤ’ ਮੁਹਿੰਮ ਦੀ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਪਿੰਡਾਂ ਵਿਚ ਜਾਗਰੂਕਤਾ ਵੈਨਾਂ ਨੂੰ ਭੇਜ ਕੇ ਕੈਂਪ ਲਗਾਏ ਜਾਣ ਜਿਸ ਦੀ ਜਾਣਕਾਰੀ ਸਬੰਧਤ ਪਿੰਡਾਂ ਨੂੰ ਦਿੱਤੀ ਜਾਵੇਗੀ ਅਤੇ ਮੌਕੇ ਉਤੇ ਹੀ ਜਿਨ੍ਹਾਂ ਯੋਗ ਲਾਭਪਾਤਰੀਆਂ ਨੂੰ ਯੋਜਨਾਵਾਂ ਤੇ ਪ੍ਰੋਗਰਾਮਾਂ ਦੇ ਲਾਭ ਦਿਤੇ ਜਾਣਗੇ। ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ਲਈ ਇਨ੍ਹਾਂ ਕੈਂਪਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਡਾ: ਅਮਨਦੀਪ ਕੌਰ ਨੇ ਦੱਸਿਆ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਨੂੰ ਸਫਲਤਾ ਪੂਰਵਕ ਲਾਗੂ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਗਠਿਤ ਕੀਤੀ ਹੋਈ ਹੈ ਅਤੇ ਯੋਜਨਾਵਾਂ ਦੇ ਨੋਡਲ ਅਫ਼ਸਰ ਨਿਯੁਕਤ ਵੀ ਕੀਤੇ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਤੋਂ ਹੀ ਪਿੰਡਾਂ ਵਿਚ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ ਅਤੇ ਜਿਥੇ ਸੈਕੜਿਆਂ ਲੋਕਾਂ ਨੂੰ ਲਾਭ ਦਿੱਤਾ ਹੈ। ਉਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪੋ ਆਪਣੇ ਵਿਭਾਗ ਵਲੋਂ ਕੀਤੇ ਜਾ ਪ੍ਰੋਗਰਾਮਾਂ ਨੂੰ ਪੋਰਟਲ ਤੇ ਅਪਲੋਡ ਕੀਤਾ ਜਾਵੇ। ਇਸ ਮੀਟਿੰਗ ਵਿੱਚ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਦੀਪ ਮਲਹੋਤਰਾ, ਜਿਲ੍ਹਾ ਸੂਚਨਾ ਅਫਸਰ ਸ੍ਰ ਰਣਜੀਤ ਸਿੰਘ, ਜਿਲ੍ਹਾ ਗਾਈਡੈਂਸ ਅਫ਼ਸਰ ਸ: ਜਸਬੀਰ ਸਿੰਘ ਗਿੱਲ, ਜਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਦੀਪ ਕੌਰ, ਨਹਿਰੂ ਯੂਵਾ ਕੇਂਦਰ ਤੋਂ ਰੋਹਿਤ ਕੁਮਾਰ, ਏ.ਐਫ.ਐਸ.ਓ. ਉਮੇਸ਼ ਕੁਮਾਰ, ਲੀਡ ਜਿਲ੍ਹਾ ਮੈਨੇਜਰ ਉਮੰਗ ਮੈਨੀ, ਸਹਾਇਕ ਡਾਇਰੈਕਟਰ ਫਿਸ਼ਰੀ ਸ: ਹਰਦੇਵ ਸਿੰਘ  ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ  ਅਧਿਕਾਰੀ ਹਾਜਰ ਸਨ।