ਅੰਮ੍ਰਿਤਸਰ, 27 ਨਵੰਬਰ : ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਚੌਕਸ ਜਵਾਨਾਂ ਨੇ ਚੀਨ ਦੇ ਬਣੇ 13 ਡਰੋਨ, ਜਿਨ੍ਹਾਂ ਦੀ ਵਰਤੋਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਸਰਹੱਦ ਪਾਰੋਂ ਤਸਕਰੀ ਲਈ ਕੀਤੀ ਜਾ ਰਹੀ ਸੀ, ਨੂੰ ਡੇਗ ਦਿੱਤਾ ਹੈ। ਜਦੋਂ ਕਿ ਪਿਛਲੇ ਹਫ਼ਤੇ ਬੀਐਸਐਫ ਨੇ ਪੰਜਾਬ ਦੀ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚੋਂ 5 ਡਰੋਨ, 1 ਪਿਸਤੌਲ, 2 ਮੈਗਜ਼ੀਨ, 20 ਰੌਂਦ ਅਤੇ 11 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਦੀ ਇਹ ਪ੍ਰਾਪਤੀ ਬੇਸ਼ੱਕ ਭਾਰਤ-ਪਾਕਿਸਤਾਨ ਦਰਮਿਆਨ ਸਥਿਤ ਸਮੱਗਲਰਾਂ ਦੇ ਮਨਸੂਬਿਆਂ ਨੂੰ ਖ਼ਰਾਬ ਕਰਨ ਵਾਲੀ ਹੈ ਪਰ ਦੂਜੇ ਪਾਸੇ ਇੰਨੇ ਡਰੋਨਾਂ ਨੂੰ ਤਬਾਹ ਕਰਨ ਅਤੇ ਤਸਕਰੀ ਦਾ ਸਾਮਾਨ ਜ਼ਬਤ ਕਰਨ ਦੇ ਬਾਵਜੂਦ ਵੀ ਤਸਕਰੀ ਦੀਆਂ ਘਟਨਾਵਾਂ ਵਿੱਚ ਕੋਈ ਕਮੀ ਨਹੀਂ ਆਈ। ਭਾਰਤ-ਪਾਕਿਸਤਾਨ ਵਿਚਾਲੇ ਪੰਜਾਬ ਸੂਬੇ ਦੀ ਕੌਮਾਂਤਰੀ ਸਰਹੱਦ ਕਰੀਬ ਛੇ ਸੌ ਕਿਲੋਮੀਟਰ ਹੈ, ਅਜਿਹੇ ‘ਚ ਪ੍ਰਤੀਕੂਲ ਹਾਲਾਤਾਂ ‘ਚ ਇੰਨੀ ਲੰਬੀ ਸਰਹੱਦ ਦੀ 24 ਘੰਟੇ ਸੁਰੱਖਿਆ ਕਰਨਾ ਇਕ ਚੁਣੌਤੀਪੂਰਨ ਕਦਮ ਹੈ, ਫਿਰ ਵੀ ਸਾਡੇ ਚੌਕਸ ਜਵਾਨ ਲਗਾਤਾਰ ਤਸਕਰਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਦੇਖਿਆ ਗਿਆ ਹੈ ਕਿ ਤਸਕਰੀ ਦੀਆਂ ਘਟਨਾਵਾਂ ਵਿੱਚ ਡਰੋਨਾਂ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ, ਜਦੋਂ ਕਿ ਪਹਿਲਾਂ ਦੇਖਿਆ ਗਿਆ ਸੀ ਕਿ ਤਸਕਰਾਂ ਵੱਲੋਂ ਤਸਕਰੀ ਲਈ ਕਈ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਹੁਣ ਜ਼ਿਆਦਾਤਰ ਤਸਕਰੀ ਦੀਆਂ ਘਟਨਾਵਾਂ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਹੈ।