- ਕਿਹਾ; ਦੋਸ਼ੀਆਂ ’ਤੇ ਹੋਵੇ ਕਰਵਾਈ, ਮੁੱਖ ਮੰਤਰੀ ਮੰਗਣ ਮੁਆਫੀ
ਅੰਮ੍ਰਿਤਸਰ, 27 ਨਵੰਬਰ : ਸੁਲਤਾਨਪੁਰ ਲੋਧੀ ਵਿਖੇ ਦੋ ਪੱਤਰਕਾਰਾਂ `ਤੇ ਪੁਲਿਸ ਵੱਲੋਂ ਕੀਤੇ ਹਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜਾਰੀ ਪ੍ਰੈਸ ਬਿਆਨ ਰਾਹੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦੇ ਨੁਮਾਇੰਦਿਆਂ `ਤੇ ਪੁਲਿਸ ਹਮਲਾ ਸੱਚ ਦੀ ਅਵਾਜ ਨੂੰ ਦਬਾਉਣ ਵਾਲੀ ਕਾਰਵਾਈ ਹੈ। ਉਨ੍ਹਾ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਪੱਧਰ `ਤੇ ਫੇਲ੍ਹ ਹੋਈ ਹੈ ਅਤੇ ਹੁਣ ਸਰਕਾਰ ਦੀਆਂ ਨਾਕਾਮੀਆਂ ਉਜਾਗਰ ਕਰਨ ਵਾਲਿਆਂ `ਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੱਚ ਦੀ ਅਵਾਜ ਨੂੰ ਦਬਾਉਣ ਵਾਲੀ ਅਜਿਹੀ ਕਿਸੇ ਵੀ ਹਰਕਤ ਲਈ ਸਰਕਾਰ ਨੂੰ ਜਵਾਬ ਦੇਣਾ ਪਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੱਤਰਕਾਰਾਂ ਦੇ ਹਰ ਤਰ੍ਹਾਂ ਨਾਲ ਹੈ ਅਤੇ ਇਨਸਾਫ ਦੀ ਲੜਾਈ ਵਿਚ ਪੂਰਾ ਸਾਥ ਦੇਵੇਗੀ। ਐਡਵੋਕੇਟ ਧਾਮੀ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ `ਤੇ ਸ਼ਖਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਹਮਲੇ ਦਾ ਸ਼ਿਕਾਰ ਹੋਏ ਪੱਤਰਕਾਰਾਂ ਨੂੰ ਹਰ ਹਾਲਤ ਵਿਚ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਸੰਵਿਧਾਨਿਕ ਮੁਖੀ ਹੁੰਦਿਆਂ ਪੱਤਰਕਾਰ ਭਾਈਚਾਰੇ ਪਾਸੋਂ ਤੁਰੰਤ ਮੁਆਫੀ ਵੀ ਮੰਗਣ।