ਪੁਸਤਕ ‘ਝਾਂਜਰਾਂ ਵਾਲੇ ਪੈਰ’ ਲਈ ਲੇਖਿਕਾ ਅਰਵਿੰਦਰ ਕੌਰ ਧਾਲੀਵਾਲ ਨੂੰ 25 ਹਜ਼ਾਰ ਡਾਲਰ ਦਾ ਪੁਰਸਕਾਰ ਦਿੱਤਾ ਜਾਵੇਗਾ

ਵੈਨਕੂਵਰ : ਢਾਹਾਂ ਸਾਹਿਤ ਪੁਰਸਕਾਰ ਕਮੇਟੀ ਵੱਲੋਂ ਹਰ ਸਾਲ ਦਿੱਤੇ ਜਾਂਦੇ ਸਾਹਿਤਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਭ ਤੋਂ ਵੱਡਾ ਪੁਰਸਕਾਰ 25 ਹਜ਼ਾਰ ਡਾਲਰ ਦਾ ਹੋਵੇਗਾ ਜਦਕਿ ਬਾਕੀ ਦੇ ਦੋ ਪੁਰਸਕਾਰ 10-10 ਹਜ਼ਾਰ ਡਾਲਰ ਦੇ ਹੋਣਗੇ। ਢਾਹਾਂ ਪੁਰਸਕਾਰ ਲਈ ਚੁਣੇ ਗਏ ਲੇਖਕਾਂ ’ਚ ਅੰਮ੍ਰਿਤਸਰ ਤੋਂ ਲੇਖਿਕਾ ਅਰਵਿੰਦਰ ਕੌਰ ਧਾਲੀਵਾਲ ਨੂੰ ਉਨ੍ਹਾਂ ਦੀ ਪੁਸਤਕ ‘ਝਾਂਜਰਾਂ ਵਾਲੇ ਪੈਰ’ ਲਈ 25 ਹਜ਼ਾਰ ਡਾਲਰ ਦਾ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਲੁਧਿਆਣਾ ਤੋਂ ਬਲਵਿੰਦਰ ਸਿੰਘ ਗਰੇਵਾਲ ਦੀ ਪੁਸਤਕ ‘ਡਬੋਲੀਆ’ ਤੇ ਪਾਕਿਸਤਾਨੀ ਲੇਖਕ ਜਾਵੇਦ ਬੂਟਾ ਨੂੰ ਉਨ੍ਹਾਂ ਦੀ ਪੁਸਤਕ ‘ਚੌਲਾਂ ਦੀ ਬੁਰਕੀ’ ਲਈ 10-10 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਸਬੰਧੀ ਸਮਾਗਮ 17 ਨਵੰਬਰ ਨੂੰ ਵੈਨਕੂਵਰ ਵਿਖੇ ਹੋਵੇਗਾ। ਜ਼ਿਕਰਯੋਗ ਹੈ ਕਿ ਢਾਹਾਂ ਪੁਰਸਕਾਰ ਪੰਜਾਬੀ ਵਿਚ ਕਾਲਪਨਿਕ ਸਾਹਿਤ ਸਿਰਜਣਾ ਵਾਸਤੇ ਦਿੱਤੇ ਜਾਂਦੇ ਹਨ।ਇਸਦਾ ਟੀਚਾ ਵਿਸ਼ਵ ਭਰ ਵਿਚ ਪੰਜਾਬੀ ਭਾਈਚਾਰੇ ਨੂੰ ਆਪਸ ਵਿਚ ਜੋੜਨਾ ਤੇ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ’ਤੇ ਉਤਸ਼ਾਹਿਤ ਕਰਨਾ ਹੈ। ਇਹ ਐਵਾਰਡ 2013 ਵਿਚ ਸ਼ੁਰੂ ਕੀਤੇ ਗਏ ਸਨ ਜਿਹਨਾਂ ਰਾਹੀਂ ਉਭਰਦੇ ਅਤੇ ਸਥਾਪਿਤ ਲੇਖਕਾਂ ਨੁੰ ਆਪਣੀਆਂ ਰਚਨਾਵਾਂ ਕੌਮਾਂਤਰੀ ਪੱਧਰ ’ਤੇ ਬਹੁਤ ਭਾਸ਼ਾਈ ਲੋਕਾਂ ਤੱਕ ਪਹੁੰਚਾਉਣ ਵਿਚ ਵੱਡੀ ਮਦਦ ਮਿਲੀ ਹੈ। ਇਹ ਐਵਾਰਡ ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ (ਸੀ ਆਈ ਈ ਐਸ) ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ ਤੇ ਇਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਏਸ਼ੀਆਈ ਸਟੱਡੀਜ਼ ਵਿਭਾਗ ਨਾਲ ਭਾਈਵਾਲੀ ਵਿਚ ਸਥਾਪਿਤ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿਚ ਬਰਤ ਤੇ ਰੀਤਾ ਦਾਹਨ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਿਲ ਕੇ ਇਸ ਲਈ ਫੰਡ ਪ੍ਰਦਾਨ ਕਰਦੇ ਹਨ। ਇਸਦੇ ਸਪਾਂਸਰਾਂ ਵਿਚ ਆਰ ਬੀ ਸੀ ਫਾਉਂਡੇਸ਼ਨ,ਤੇ ਦਰਸ਼ਨ ਗਰੇਵਾਲ ਆਰ ਬੀ ਸੀ ਡੋਮੀਨੀਅਨ ਸਕਿਓਰਿਟੀਜ਼ ਏਡੀਅਨ ਕੀਨਨ ਆਰ ਈ/ਮੈਕਸ, ਜੀ ਐਲ ਸਮਿੱਥ ਆਦਿ ਸ਼ਾਮਲ ਹਨ।