ਅਸੀਂ ਉਂਕਾਰ ਦੇ ਬੱਚੇ, ਅਸੀਂ ਊੜੇ ਦੇ ਜਾਏ ਹਾਂ, ਅਸੀਂ ਪੈਂਤੀ ਦਾ ਛੱਟਾ ਦੇਣ, ਇਸ ਧਰਤੀ 'ਤੇ ਆਏ ਹਾਂ : ਪਲਾਹੀ

ਕੈਨੇਡਾ : ਪੰਜਾਬ ਭਵਨ ਸਰੀ ਕੈਨੇਡਾ ਦੇ ਸੱਦੇ ਉਤੇ, ਸੁੱਖੀ ਬਾਠ ਦੀ ਅਗਵਾਈ ਵਿੱਚ ਦੋ ਦਿਨਾਂ ਸਲਾਨਾ ਸੰਮੇਲਨ-4 ਪਹਿਲੀ ਅਤੇ ਦੋ ਅਕਤੂਬਰ 2022 ਨੂੰ ਆਯੋਜਿਤ ਕੀਤਾ ਗਿਆ, ਜਿਸਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਡਾ: ਸਾਧੂ ਸਿੰਘ, ਸੁੱਖੀ ਬਾਠ, ਡਾ: ਸਤੀਸ਼ ਵਰਮਾ, ਡਾ: ਸਾਹਿਬ ਸਿੰਘ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕੀਤੀ। ਸਮਾਗਮ 'ਚ ਉਦਘਾਟਨੀ ਸ਼ਬਦ ਬੋਲਦਿਆਂ ਡਾ: ਸਤੀਸ਼ ਵਰਮਾ ਨੇ ਪੰਜਾਬ ਭਵਨ ਦੇ ਉਦਮ ਨਾਲ ਕਰਵਾਏ ਜਾ ਰਹੇ ਪ੍ਰਵਹਿ  ਸੰਚਾਰ ਦੀ ਗੱਲ ਕੀਤੀ। ਡਾ: ਸਾਧੂ ਸਿੰਘ ਨੇ ਆਰੰਭਕ ਸ਼ਬਦਾਂ 'ਚ ਕਿਹਾ ਕਿ ਇਹੋ ਜਿਹੇ ਸਮਾਗਮ, ਗੋਸ਼ਟੀਆਂ, ਸਮੇਂ ਦੀ ਲੋੜ ਹਨ। ਡਾ: ਸਾਹਿਬ ਸਿੰਘ ਨੇ ਸਾਂਝ ਦੇ ਪੁਲ ਉਸਾਰਨ ਲਈ ਸੁੱਖੀ ਬਾਠ ਦੇ ਪੰਜਾਬ ਭਵਨ ਦੇ ਉਦਮ ਦੀ ਸ਼ਲਾਘਾ ਕੀਤੀ।ਦੋ ਦਿਨਾਂ ਸੰਮੇਲਨ ਦੌਰਾਨ ਪੰਜ ਸੈਸ਼ਨ ਕਰਵਾਏ ਗਏ, ਜਿਹਨਾ ਵਿੱਚ ਵੱਖੋ-ਵੱਖਰੇ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਜਾਂ ਪੇਪਰ ਪੜ੍ਹੇ। 'ਗੁਰਮਿਤ ਦੇ ਚਾਨਣ ਵਿੱਚ' ਵਿਸ਼ੇ ਉਤੇ ਬਲਿਹਾਰੀ ਕੁਦਰਿਤ ਵਸਿਆ (ਗਿਆਨ ਸਿੰਘ ਸੰਧੂ), ਗੁਰਮਿਤ, ਬੁੱਧਮਤ ਅਤੇ ਸੂਫੀਵਾਦ ਦਾ ਸਾਂਝਾ ਧਰਾਤਲ (ਇੰਦਰਜੀਤ ਸਿੰਘ ਧਾਮੀ), ਗੁਰੂ ਨਾਨਕ ਦੀ ਵਿਸ਼ਵ ਚੇਤਨਾ(ਬਲਵਿੰਦਰ ਕੌਰ ਬਰਾੜੀ), ਸੁਚੱਜੀ ਜੀਵਨ ਜਾਚ (ਗੁਰਦੀਸ਼ ਕੌਰ ਗਰੇਵਾਲ) ਅਤੇ ਮਨੁ ਤੂੰ ਜੋਤਿ ਸਰੂਪ ਹੈਂ ਆਪਣਾ ਮੂਲ ਪਛਾਣੁ(ਹਰਪ੍ਰੀਤ ਸਿੰਘ) ਨੇ ਪੇਪਰ ਪੜ੍ਹੇ ਅਤੇ ਗੁਰਮਿਤ ਦੇ ਵਿਚਾਰ ਬਿੰਦੂ ਅਤੇ ਅਜੋਕੇ ਸਮੇਂ ਦੇ ਸੰਦਰਭ 'ਚ ਇਸ ਦੇ ਪ੍ਰਭਾਵ ਸਬੰਧੀ ਵਿਆਖਿਆ ਕੀਤੀ। ਕੌਮਾਂਤਰੀ ਪੰਜਾਬੀ ਸਮਾਜ ਦਾ ਸੰਕਲਪ ਵਿਸ਼ੇ ਉਤੇ ਡਾ: ਸਤੀਸ਼ ਵਰਮਾ, ਡਾ: ਸਾਹਿਬ ਸਿੰਘ, ਸਰਬਜੀਤ ਸਿੰਘ ਸੋਹੀ ਅਤੇ ਪ੍ਰੋ: ਪ੍ਰਿਥੀਪਾਲ ਸੋਹੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕੌਮਾਂਤਰੀ ਪੰਜਾਬੀ ਸਮਾਜ ਦੀ ਸਿਰਜਨਾ ਉਤੇ ਜ਼ੋਰ ਦਿੱਤਾ, ਜਿਸ ਵਿੱਚ ਪੰਜਾਬੀ, ਪੰਜਾਬੀਅਤ ਦੇ ਨਰੋਏ ਸੰਕਲਪ ਨੂੰ ਦ੍ਰਿੜਤਾ ਨਾਲ ਅੱਗੇ ਵਧਣ ਅਤੇ ਡਿਜ਼ਟਲ ਟੈਕਨੌਲੋਜੀ ਦੀ ਵਰਤੋਂ ਕਰਦਿਆਂ ਸਮੁੱਚੀ ਦੁਨੀਆ 'ਚ ਵੱਸਦੇ ਸਮੁੱਚੇ ਪੰਜਾਬੀਆਂ, ਜਿਹਨਾ ਦੀ ਗਿਣਤੀ 13 ਤੋਂ 14 ਕਰੋੜ ਆਂਕੀ ਗਈ ਹੈ, ਨੂੰ ਇੱਕ ਲੜੀ 'ਚ ਪਰੋਣ ਲਈ ਪਹਿਲਕਦਮੀ ਕਰਨ ਲਈ ਸੁਝਾਇਆ ਗਿਆ। ਵਕਤਿਆਂ ਦਾ ਵਿਚਾਰ ਸੀ ਗੁਰਮੁੱਖੀ ਲਿਪੀ, ਸ਼ਾਹਮੁੱਖੀ ਲਿਪੀ ਦੇ ਨਾਲ-ਨਾਲ ਵਿਸ਼ਵੀ ਸੰਕਲਪ ਤਹਿਤ ਪੰਜਾਬੀ 'ਚ ਰੋਮਨ ਲਿਪੀ ਦਾ ਵਿਕਾਸ ਹੋ ਰਿਹਾ ਹੈ,ਜਿਹੜਾ ਪੰਜਾਬੀ ਦੀ ਤਰੱਕੀ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇੱਕਮੁੱਠ ਕਰਨ ਅਤੇ ਇੱਕ ਪਲੇਟਫਾਰਮ 'ਤੇ ਲਿਆਉਣ ਲਈ ਸਹਾਈ ਹੋਵੇਗਾ। ਕੈਨੇਡੀਅਨ ਸੰਚਾਰ ਮਧਿਆਮ ਤੇ ਕਲਾਵਾਂ ਵਿਸ਼ੇ ਉਤੇ ਨਵਜੋਤ ਢਿਲੋਂ, ਜਰਨੈਲ ਸਿੰਘ ਆਰਟਿਸਟ, ਰਾਜੀ ਮੁਸੱਬਰ, ਸਵੈਚ ਪਰਮਿੰਦਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਦੂਜੇ ਦਿਨ 'ਕੈਨੇਡਾ ਦਾ ਪੰਜਾਬੀ ਸਾਹਿਤ' ਵਿਸ਼ੇ ਉਤੇ ਸਾਧੂ  ਬਿਨਿੰਗ, ਸੁਰਜੀਤ ਕੌਰ, ਅਜਮੇਰ ਰੋਡੇ, ਡਾ: ਬਬਨੀਤ ਕੌਰ ਅਤੇ ਪ੍ਰਭਜੋਤ ਕੌਰ ਨੇ ਕੈਨੇਡਾ 'ਚ ਲਿਖੀ ਜਾ ਰਹੀ ਕਵਿਤਾ, ਕਹਾਣੀ, ਨਾਵਲ ਅਤੇ ਹੋਰ  ਗਲਪ ਸਾਹਿਤ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਨੂੰ ਪ੍ਰਮੁੱਖ ਪੰਜਾਬੀ ਸਾਹਿਤ ਦੇ ਹਾਣ-ਪ੍ਰਵਾਨ ਦੱਸਿਆ। ਸਮਾਗਮ ਦੇ ਗੰਭੀਰ ਵਿਸ਼ੇ 'ਸਾਹਿਤ ਦਾ ਸਿਆਸੀ ਪਰਿਪੇਖ' ਸਬੰਧੀ ਡਾ:ਸਾਧੂ ਸਿੰਘ, ਜਸਵੀਰ ਮੰਗੂਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਇੰਦਰਜੀਤ ਕੌਰ ਸਿੱਧੂ ਨੇ ਆਪਣੇ ਪੇਪਰ ਪੜ੍ਹੇ। ਵਕਤਿਆਂ ਦਾ ਵਿਚਾਰ ਸੀ ਕਿ ਸਾਹਿਤ ਨੂੰ ਰਾਜਨੀਤੀ ਤੋਂ ਅਲੱਗ ਨਹੀਂ ਸਮਝਿਆ ਜਾ ਸਕਦਾ। ਉਹਨਾ ਦਾ ਇਹ ਵਿਚਾਰ ਸੀ ਕਿ ਰਾਜਨੀਤੀ ਲੋਕਾਂ 'ਤੇ ਸਾਸ਼ਨ ਕਰਨ ਦੀ ਗੱਲ ਕਰਦੀ ਹੈ ਪਰ ਸਾਹਿਤ ਲੋਕਾਂ ਦੇ ਹਿੱਤ 'ਚ ਭੁਗਤਦਾ ਹੈ।
ਸਮਾਗਮ ਵਿੱਚ ਦੋਵੇਂ ਦਿਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਲਗਭਗ ਦੋ ਦਰਜਨ ਸਥਾਨਕ ਕੈਨੇਡੀਅਨ ਕਵੀਆਂ ਅਤੇ ਅਮਰੀਕਾ ਤੋਂ ਪੁੱਜੇ ਰਵਿੰਦਰ ਸਹਿਰਾਅ, ਗੁਰਦਿਆਲ ਰੌਸ਼ਨ ਨੇ ਖ਼ਾਸ ਤੌਰ 'ਤੇ ਹਿੱਸਾ ਲਿਆ। ਸਮਾਗਮ 'ਚ ਦੋ ਦਰਜਨ ਤੋਂ ਵੱਧ ਪੁਸਤਕਾਂ ਰਲੀਜ਼ ਕੀਤੀਆਂ ਗਈਆਂ। ਨਾਟਕ ਸੰਮਾ ਵਾਲੀ ਡਾਂਗ(ਡਾ: ਸਾਹਿਬ ਸਿੰਘ) ਅਤੇ ਨਾਟਕ ਦਿੱਲੀ ਰੋਡ 'ਤੇ ਇੱਕ ਹਾਦਸਾ (ਅਨੀਤਾ ਸ਼ਬਦੀਸ਼) ਖੇਡੇ ਗਏ। ਪੰਜਾਬੀ ਭਵਨ ਸਲਾਨਾ ਸਮਾਗਮ ਦੌਰਾਨ ਡਾ: ਸਾਧੂ ਸਿੰਘ ਅਤੇ ਸਵਰਨ ਕੌਰ ਨੂੰ ਇਸ ਵਰ੍ਹੇ ਦਾ ਸਨਮਾਨ ਭੇਟ ਕੀਤਾ ਗਿਆ। ਸਮਾਗਮ ਦੀ ਸਟੇਜ ਸਕੱਤਰੀ ਕੁਲਵਿੰਦਰ ਚਾਂਦ ਅਤੇ ਅਮਰੀਕ ਪਲਾਹੀ ਨੇ ਕੀਤੀ।