ਕੈਲਗਰੀ ’ਚ ਪੰਜ ਪਿਅਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। 

ਕੈਲਗਰੀ, 15 ਮਈ : ਕੈਨੇਡਾ ਦੇ ਕੈਲਗਰੀ ’ਚ ਗੁਰਦੁਆਰਾ ਸਿੱਖ ਕਲਚਰ ਸੈਂਟਰ ਮਾਰਟਿਨ ਡੇਲ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਦੀ ਅਗਵਾਈ ਪੰਜ ਪਿਅਰਿਆਂ ਨੇ ਕੀਤੀ। ਗੁਰੂ ਗ੍ਰੰਥ ਸਾਹਿਬ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸਨ। ਨਗਰ ਕੀਰਤਨ ਵਿਚ ਕੈਲਗਰੀ ਅਤੇ ਸਮੁੱਚੇ ਕੈਨੇਡਾ ’ਚੋਂ ਸਿੱਖ ਸੰਗਤ ਨੇ ਵੱਡੀ ਭਾਰੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਰਸਤੇ ’ਚ ਥਾਂ-ਥਾਂ ਵੱਖ-ਵੱਖ ਪਦਾਰਥਾਂ ਦੇ ਲੰਗਰ ਲਾਏ ਗਏ। ਨਗਰ ਕੀਰਤਨ ਦੇ ਦੀਵਾਨ ਪ੍ਰੇਰੀਵਿੰਡ ਪਾਰਕ ਵਿਚ ਸਜਾਏ ਗਏ। ਇੱਥੇ ਵੱਖ-ਵੱਖ ਸੰਸਥਾਵਾਂ, ਕਾਰੋਬਾਰੀ ਅਦਾਰਿਆਂ ਨੇ ਆਪਣੇ ਪ੍ਰਚਾਰ ਲਈ ਸੌ ਤੋਂ ਵੱਧ ਸਟਾਲ ਲਾਏ। ਪਿਛਲੇ ਦਿਨਾਂ ਤੋਂ ਗੁਰੂਘਰ ਵਿਚ ਰੋਜ਼ਾਨਾ ਧਾਰਮਿਕ ਦੀਵਾਨ ਸਜਾਏ ਗਏ। ਇਨ੍ਹਾਂ ਵਿਚ ਭਾਈ ਸਰਬਜੀਤ ਸਿੰਘ ਰੰਗੀਲਾ ਦੁਰਗ ਵਾਲੇ, ਭਾਈ ਭੁਪਿੰਦਰ ਸਿੰਘ,ਭਾਈ ਮਹਿਤਾਬ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਦੇ ਰਾਗੀ ਜਥਿਆ ਨੇ ਹਾਜ਼ਰੀ ਲਵਾਈ। ਭਾਈ ਤਰਲੋਚਨ ਸਿੰਘ ਭੁਮੱਦੀ, ਮਲਕੀਤ ਸਿੰਘ ਪਪਰਾਲੀ, ਭਾਈਵਰਿੰਦਰ ਸਿੰਘ ਵਾਰਿਸ ਦੇ ਢਾਡੀ ਜਥਿਆਂ ਅਤੇ ਜਗਦੇਵ ਸਿੰਘ ਸਾਹੋਕੇ, ਸਰਵਣ ਸਿੰਘ ਸਾਮਨਗਰ ਦੇ ਕਵੀਰਸੀ ਜਥਿਆਂ ਨੇ ਗੁਰੂ ਇਤਿਹਾਸ ਤੋਂ ਸ਼ਰਧਾਲੂਆਂ ਨੂੰ ਜਾਣੂ ਕਰਵਾਇਆ। ਸਾਰਾ ਦਿਨ ਸ਼ਰਧਾਲੂਆਂ ਦੀ ਭਰਵੀਂ ਹਾਜ਼ਰੀ ਰਹੀ।