ਯੂਕਰੇਨ ਦੇ ਓਡੇਸਾ ਦੀ ਬਿਜਲੀ ਵਿਵਸਥਾ ਠੱਪ, 15 ਲੱਖ ਲੋਕ ਹਨੇਰੇ 'ਚ, ਹਮਲੇ ਵਿਚ ਦੋ ਲੋਕ ਮਾਰੇ ਗਏ

ਕੀਵ (ਰਾਇਟਰ) : ਯੂਕਰੇਨ ਦੇ ਸਭ ਤੋਂ ਵੱਡੇ ਬੰਦਰਗਾਹ ਸ਼ਹਿਰ ਓਡੇਸਾ ਦੀ ਬਿਜਲੀ ਵਿਵਸਥਾ ਠੱਪ ਹੋ ਗਈ ਹੈ ਅਤੇ ਉੱਥੇ ਕਰੀਬ 15 ਲੱਖ ਲੋਕ ਭਿਆਨਕ ਠੰਢ ਤੇ ਹਨੇਰੇ ਵਿਚ ਹਨ। ਰੂਸੀ ਫ਼ੌਜ ਵੱਲੋਂ ਈਰਾਨ ਦੇ ਬਣੇ ਡਰੋਨ ਹਮਲੇ ਨਾਲ ਇਹ ਸਥਿਤੀ ਪੈਦਾ ਹੋਈ ਹੈ। ਰੂਸ ਨੇ ਓਡੇਸਾ ਦੇ ਦੋ ਬਿਜਲੀ ਘਰਾਂ ’ਤੇ ਡਰੋਨ ਨਾਲ ਹਮਲੇ ਕੀਤੇ ਸਨ। ਰਾਸ਼ਟਰਪਤੀ ਵੋਲਦੋਮੀਰ ਜ਼ੇਲੈਂਸਕੀ ਨੇ ਓਡੇਸਾ ਦੀ ਸਥਿਤੀ ਨੂੰ ਬੇਹੱਦ ਖ਼ਰਾਬ ਦੱਸਿਆ ਹੈ। ਉੱਥੇ ਰੂਸੀ ਹਮਲੇ ਨਾਲ ਵੱਡਾ ਨੁਕਸਾਨ ਹੋਇਆ ਹੈ, ਇਸ ਲਈ ਉੱਥੇ ਬਿਜਲੀ ਬਹਾਲ ਹੋਣ ਵਿਚ ਕਈ ਦਿਨ ਲੱਗ ਸਕਦੇ ਹਨ। ਇਸ ਵਿਚਾਲੇ ਰੂਸ ਦੇ ਕਬਜ਼ੇ ਵਾਲੇ ਮੇਲੀਟੋਪੋਲ ਸ਼ਹਿਰ ’ਤੇ ਯੂਕਰੇਨੀ ਫ਼ੌਜ ਦੇ ਹਮਲੇ ਦੀ ਖ਼ਬਰ ਹੈ। ਹਮਲੇ ਵਿਚ ਦੋ ਲੋਕ ਮਾਰੇ ਗਏ ਹਨ। ਅਕਤੂਬਰ ਵਿਚ ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲੇ ਪੁਲ ’ਤੇ ਹਮਲਾ ਹੋਣ ਤੋਂ ਬਾਅਦ ਤੋਂ ਰੂਸੀ ਫ਼ੌਜ ਯੂਕਰੇਨ ਦੀ ਬਿਜਲੀ ਵਿਵਸਥਾ ’ਤੇ ਲਗਾਤਾਰ ਹਮਲੇ ਕਰ ਰਹੀ ਹੈ। ਭਿਆਨਕ ਠੰਢ ਤੇ ਬਰਫ਼ਬਾਰੀ ਵਾਲੇ ਮੌਸਮ ਵਿਚ ਬਿਜਲੀ ਗੁਲ ਹੋਣਾ ਜਾਨਲੇਵਾ ਸਾਬਤ ਹੋ ਰਿਹਾ ਹੈ। ਨਾਰਵੇ ਨੇ ਦਸ ਕਰੋੜ ਡਾਲਰ ਦੇ ਬਿਜਲੀ ਉਪਕਰਨਾਂ ਦੀ ਮਦਦ ਯੂਕਰੇਨ ਭੇਜੀ ਹੈ। ਹੋਰ ਯੂਰਪੀ ਦੇਸ਼ਾਂ ਨੇ ਵੀ ਕਰੋੜਾਂ ਡਾਲਰਾਂ ਦੇ ਬਿਜਲੀ ਉਪਕਰਨ ਯੂਕਰੇਨ ਭੇਜੇ ਹਨ ਤਾਂਕਿ ਬਿਜਲੀ ਵਿਵਸਥਾ ਜਲਦ ਬਹਾਲ ਹੋ ਸਕੇ ਪਰ ਰੂਸ ਦੇ ਲਗਾਤਾਰ ਹਮਲੇ ਸਥਿਤੀ ਨੂੰ ਮੁਸ਼ਕਿਲ ਬਣਾ ਰਹੇ ਹਨ। ਅਜਿਹੇ ਵਿਚ ਯੂਕਰੇਨ ਦੇ ਲੋਕਾਂ ਲਈ ਬਿਨਾਂ ਬਿਜਲੀ ਦੇ ਇਕ-ਇਕ ਮਿੰਟ ਭਾਰੀ ਹੋ ਰਿਹਾ ਹੈ। ਸਿਫ਼ਰ ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਬਜ਼ੁਰਗਾਂ ਤੇ ਬੱਚਿਆਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਓਡੇਸਾ ਖੇਤਰੀ ਪ੍ਰਸ਼ਾਸਨ ਨੇ ਐਤਵਾਰ ਨੂੰ ਦੱਸਿਆ ਕਿ ਬਿਜਲੀ ਸਪਲਾਈ ਨੂੰ ਪਹਿਲਾਂ ਵਾਲੀ ਸਥਿਤੀ ਵਿਚ ਆਉਣ ’ਚ ਕਰੀਬ ਤਿੰਨ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਐਤਵਾਰ ਨੂੰ ਖੇਰਸਾਨ ਪ੍ਰਾਂਤ ਦੇ ਯੂਕਰੇਨ ਦੇ ਕਬਜ਼ੇ ਵਾਲੇ ਹਿੱਸੇ ਵਿਚ ਆਉਣ ਵਾਲੇ ਖੇਰਸਾਨ ਓਬਲਾਸਟ ’ਤੇ ਰੂਸ ਫ਼ੌਜ ਨੇ ਗੋਲ਼ਾਬਾਰੀ ਕੀਤੀ। ਇਸ ਗੋਲ਼ਾਬਾਰੀ ਵਿਚ ਦੋ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਯੂਕਰੇਨੀ ਮੀਡੀਆ ਮੁਤਾਬਕ ਇਸ ਗੋਲ਼ਾਬਾਰੀ ਨਾਲ ਇਕ ਹਸਪਤਾਲ, ਇਕ ਕੈਫੇ ਅਤੇ ਕੁਝ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਯੂਕਰੇਨੀ ਫ਼ੌਜ ਮੁਤਾਬਕ ਰੂਸੀ ਫ਼ੌਜ ਨੇ ਸ਼ਨਿੱਚਰਵਾਰ ਨੂੰ ਓਡੇਸਾ ਅਤੇ ਮੀਕੋਲਈਵ ਸ਼ਹਿਰਾਂ ’ਤੇ ਹਮਲੇ ਲਈ 15 ਡਰੋਨ ਛੱਡੇ ਸਨ। ਇਨ੍ਹਾਂ ਵਿਚੋਂ ਦਸ ਨੂੰ ਯੂਕਰੇਨੀ ਫ਼ੌਜ ਨੇ ਅਸਮਾਨ ਵਿਚ ਹੀ ਡੇਗ ਲਿਆ ਸੀ ਜਦਕਿ ਪੰਜ ਨੇ ਨਿਸ਼ਾਨੇ ਨਾਲ ਟਕਰਾ ਕੇ ਨੁਕਸਾਨ ਪਹੁੰਚਿਆ। ਇਸ ਵਿਚਾਲੇ ਬਿ੍ਰਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਈਰਾਨ ਵੱਲੋਂ ਰੂਸ ਨੂੰ ਫ਼ੌਜੀ ਸਪਲਾਈ ਵਧਣ ਦੇ ਆਸਾਰ ਹਨ। ਇਸ ਨਾਲ ਯੂਕਰੇਨ ’ਤੇ ਹਮਲੇ ਹੋਰ ਤੇਜ਼ ਹੋ ਸਕਦੇ ਹਨ।