ਕੈਨੇਡਾ ਦੇ ਮੌਂਕਟਨ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਪੰਜਾਬੀਆਂ ਦੀ ਮੌਤ, ਮ੍ਰਿਤਕ ਰਿਸ਼ਤੇ ਵਿੱਚ ਭੈਣ ਭਰਾ ਸਨ

ਮੌਂਕਟਨ, 29 ਜੁਲਾਈ 2024 : ਕੈਨੇਡਾ ਦੇ ਸੂਬੇ ਨਿਊ ਬਰੰਸਵਿਕ ਦੇ ਸ਼ਹਿਰ ਮੌਂਕਟੌਨ ਦੇ ਨੇੜੇ ਸ਼ਹਿਰ ਮਿਲ ਕੋਵ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਲੜਕੀਆਂ ਅਤੇ ਇੱਕ ਲੜਕੇ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਲੜਕੀਆਂ ਤੇ ਨੌਜਵਾਨ ਕਾਰ ਤੇ ਸਵਾਰ ਹੋ ਕੇ ਮੌਂਕਟਨ ਤੋਂ ਵਾਪਸ ਆ ਰਹੇ ਸਨ, ਜਦੋਂ ਉਹ ਮਿਲ ਕੋਵ ਸ਼ਹਿਰ ਦੇ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਦੀ ਕਾਰ ਦਾ ਟਾਇਟ ਫਟ ਗਿਆ, ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਪਲਟ ਗਈ ਅਤੇ ਕਾਰ ਸਵਾਰ ਤਿੰਨੋ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਰਸ਼ਮਦੀਪ ਕੌਰ, ਨਵਜੋਤ ਸੋਮਲ ਅਤੇ ਹਰਮਨ ਵਜੋਂ ਹੋਈ ਹੈ। ਤਿੰਨੋ ਮ੍ਰਿਤਕ ਰਿਸ਼ਤੇ ਵਿੱਚ ਭੈਣ ਭਰਾ ਸਨ। ਪੁਲਿਸ ਅਨੁਸਾਰ ਹਾਦਸਾਗ੍ਰਸਤ ਗੱਡੀ ਦਾ ਡਰਾਈਵਰ ਜਖ਼ਮੀ ਹੈ। ਉਨ੍ਹਾਂ ਦੱਸਿਆ ਕਿ ਤਿੰਨੋਂ ਮ੍ਰਿਤਕ ਗੱਡੀ ਵਿੱਚ ਬਾਹਰ ਨਿਕਲਕੇ ਡਿੱਗ ਪਏ ਸਨ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਤਿੰਨੋ ਮ੍ਰਿਤਕ ਪੰਜਾਬ ਦੇ ਨਾਲ ਸਬੰਧਿਤ ਸਨ। ਰਸ਼ਮਦੀਪ ਕੌਰ ਸਮਾਣਾ (ਪਟਿਆਲਾ) ਦੀ ਵਾਸੀ ਸੀ, ਨਵਜੋਤ ਸੋਮਲ ਤੇ ਹਰਮਨ ਪਿੰਡ ਬੁਰਕਾਦਾ (ਅਮਲੋਹ) ਦੇ ਵਾਸੀ ਹਨ। ਇਸ ਘਟਨਾਂ ਦੀ ਸੂਚਨਾ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਮਿਲਣ ਤੋਂ ਬਾਅਦ ਸੋਗ ਦੀ ਲਹਿਰ ਹੈ।