ਭਾਰਤੀ ਕੰਪਨੀ ਦੀ ਅੱਖਾਂ ਦਵਾਈ ਨੂੰ ਲੈ ਕੇ ਅਮਰੀਕਾ ਵਿਚ ਮੱਚੀ ਹਲਚਲ, 3 ਲੋਕਾਂ ਦੀ ਮੌਤ, 8 ਦੀ ਗਈ ਰੌਸ਼ਨੀ

ਵਾਸ਼ਿੰਗਟਨ, 04 ਅਪ੍ਰੈਲ : ਭਾਰਤੀ ਦਵਾਈ ਕੰਪਨੀ ਦੀਆਂ ਅੱਖਾਂ ਦੀਆਂ ਬੂੰਦਾਂ ਨੂੰ ਲੈ ਕੇ ਅਮਰੀਕਾ ਵਿਚ ਹਲਚਲ ਮਚ ਗਈ ਹੈ। ਰਿਪੋਰਟ ਮੁਤਾਬਕ ਇੱਥੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 8 ਨੂੰ ਇਸ ਦੀ ਵਰਤੋਂ ਕਾਰਨ ਆਪਣੀ ਰੌਸ਼ਨੀ ਗੁਆਉਣੀ ਪਈ ਹੈ। ਅਮਰੀਕਾ ਦੇ ਟਾਪ ਮੈਡੀਕਲ ਵਾਚਡੌਗ ਨੇ ਇਸ ਬੂੰਦ ਵਿੱਚ ਡਰੱਗ-ਰੋਧਕ ਬੈਕਟੀਰੀਆ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੀ ਵਰਤੋਂ ਨਾਲ ਇਨਫੈਕਸ਼ਨ ਦੇ ਦਰਜਨਾਂ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਇਹ ਦਵਾਈ ਚੇਨਈ-ਅਧਾਰਤ ਗਲੋਬਲ ਫਾਰਮਾ ਹੈਲਥਕੇਅਰ ਦੁਆਰਾ ਅਜ਼ਰੀਕੇਅਰ ਆਰਟੀਫਿਸ਼ੀਅਲ ਟੀਅਰਸ ਬ੍ਰਾਂਡ ਨਾਮ ਤਹਿਤ ਬਣਾਈ ਗਈ ਹੈ। ਸੀਡੀਸੀ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਭਾਰਤ ਤੋਂ ਦਰਾਮਦ ਕੀਤੀਆਂ ਆਈ ਡਰੋਪਸ 'ਚ ਪਾਇਆ ਜਾਣ ਵਾਲਾ ਇਹ ਡਰੱਗ-ਰੋਧਕ ਬੈਕਟੀਰੀਆ ਅਮਰੀਕਾ ਵਿੱਚ ਪੈਰ ਜਮਾ ਸਕਦਾ ਹੈ। ਛੂਤ ਦੀਆਂ ਬਿਮਾਰੀਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਟ੍ਰੇਨ ਅਮਰੀਕਾ ਵਿਚ ਇਸ ਤੋਂ ਪਹਿਲਾਂ ਨਹੀਂ ਮਿਲਿਆ ਹੈ। ਅਜਿਹੇ 'ਚ ਦੇਸ਼ ਕੋਲ ਮੌਜੂਦ ਐਂਟੀਬਾਇਓਟਿਕਸ ਨਾਲ ਇਸ ਦਾ ਇਲਾਜ ਕਰਨਾ ਮੁਸ਼ਕਿਲ ਹੈ। ਜ਼ਿਕਰਯੋਗ ਹੈ ਕਿ ਗਲੋਬਲ ਫਾਰਮਾ ਹੈਲਥਕੇਅਰ ਚੇਨਈ ਤੋਂ ਲਗਪਗ 40 ਕਿਲੋਮੀਟਰ ਦੱਖਣ ਵਿਚ ਸਥਿਤ ਹੈ। ਇਸ ਨੇ ਫਰਵਰੀ 'ਚ ਹੀ ਅਮਰੀਕੀ ਬਾਜ਼ਾਰ ਲਈ ਆਈ ਡਰਾਪ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਨਾਲ ਹੀ ਗਾਹਕ ਪੱਧਰ 'ਤੇ EzriCare ਆਰਟੀਫਿਸ਼ੀਅਲ ਟੀਅਰਸ ਤੇ ਡੇਲਸਮ ਫਾਰਮਾ ਆਰਟੀਫੀਸ਼ੀਅਲ ਟੀਅਰਸ ਦੇ ਸਾਰੇ ਬਚੇ ਹੋਏ ਲਾਟ ਨੂੰ ਵੀ ਵਾਪਸ ਲੈ ਲਿਆ ਗਿਆ।