ਅਲਜੀਰੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ, 25 ਲੋਕਾਂ ਦੀ ਦਰਦਨਾਕ ਮੌਤ 

ਅਲਜੀਰੀਆ, 25 ਜੁਲਾਈ : ਅਲਜੀਰੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ 25 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇੰਨ੍ਹਾਂ ਮਰਨ ਵਾਲਿਆਂ ਵਿੱਚ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਵਾਲੇ 10 ਸਿਪਾਹੀ ਹਨ। ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਬਿਨ੍ਹਾਂ ਕੋਈ ਵਿਸਤਰਿਤ ਜਾਣਕਾਰੀ ਦਿਤੇ ਕਿਹਾ ਕਿ ਘੱਟੋ-ਘੱਟ 1,500 ਲੋਕਾਂ ਨੂੰ ਸੁਰੱਖਿਆ ਲਈ ਕੱਢਿਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਜੰਗਲ ਦੀ ਅੱਗ ਵਿਚ 15 ਲੋਕਾਂ ਦੀ ਮੌਤ ਅਤੇ 24 ਹੋਰ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਰੱਖਿਆ ਮੰਤਰਾਲੇ ਨੇ ਬਾਅਦ ਵਿਚ ਘੋਸ਼ਣਾ ਕੀਤੀ ਕਿ ਰਾਜਧਾਨੀ ਅਲਜੀਅਰਜ਼ ਦੇ ਪੂਰਬ ਵਿਚ ਬੇਨੀ ਕਾਸੀਲਾ ਦੇ ਰਿਜੋਰਟ ਖੇਤਰ ਵਿਚ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ 10 ਸੈਨਿਕ ਮਾਰੇ ਗਏ ਅਤੇ 25 ਜ਼ਖ਼ਮੀ ਹੋ ਗਏ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੌਤਾਂ ਕਦੋਂ ਹੋਈਆਂ, ਪਰ ਜੰਗਲਾਂ ਦੀ ਅੱਗ ਕਈ ਦਿਨਾਂ ਤੋਂ ਬਲ ਰਹੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਤੇਜ਼ ਹਵਾਵਾਂ ਨੇ ਜੰਗਲ ਦੀ ਅੱਗ ਨੂੰ ਭੜਕਾਇਆ ਅਤੇ ਇਸ ਦੀਆਂ ਲਪਟਾਂ ਜੰਗਲੀ ਖੇਤਰ ਤੋਂ ਬਾਹਰ ਖੇਤਾਂ ਵੱਲ ਫੈਲ ਗਈਆਂ। ਮੰਤਰਾਲੇ ਦੇ ਅਨੁਸਾਰ, ਅੱਗ ਦੀਆਂ ਲਪਟਾਂ 16 ਖੇਤਰਾਂ ਵਿਚ ਫੈਲ ਗਈਆਂ, ਜਿਸ ਨਾਲ ਉੱਤਰੀ ਅਫਰੀਕੀ ਦੇਸ਼ ਵਿਚ ਅੱਗ ਦੀਆਂ 97 ਘਟਨਾਵਾਂ ਵਾਪਰੀਆਂ। ਅੱਗ ਦੀਆਂ ਲਪਟਾਂ ਲਗਾਤਾਰ ਕਈ ਇਲਾਕਿਆਂ ਨੂੰ ਅਪਣੀ ਲਪੇਟ ਵਿਚ ਲੈ ਰਹੀਆਂ ਹਨ। ਇਸ ਕਾਰਨ ਜੰਗਲੀ ਜਾਨਵਰ ਵੀ ਸੜ ਕੇ ਮਰ ਰਹੇ ਹਨ। ਅੱਜ ਤੱਕ ਦੀ ਸਭ ਤੋਂ ਭੈੜੀ ਅੱਗ ਅਲਜੀਅਰਜ਼ ਦੇ ਪੂਰਬ ਵਿਚ ਕਬਾਨ ਖੇਤਰ ਵਿਚ ਬੇਜੀਆ ਅਤੇ ਜੀਜੇਲ ਅਤੇ ਦੱਖਣ-ਪੂਰਬ ਵਿਚ ਬੋਇਰਾ ਦੇ ਕੁਝ ਹਿੱਸਿਆਂ ਵਿਚ ਲੱਗੀ ਹੈ। ਅੱਗ 'ਤੇ ਕਾਬੂ ਪਾਉਣ ਲਈ 7,500 ਫਾਇਰਫਾਈਟਰਜ਼ ਅਤੇ 350 ਟਰੱਕ ਮੌਕੇ 'ਤੇ ਮੌਜੂਦ ਹਨ। ਇਸ ਦੇ ਨਾਲ ਹੀ ਹਵਾਈ ਸੈਨਾ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਅਲਜੀਰੀਆ ਵਿਚ ਜੰਗਲ ਦੀ ਅੱਗ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਸਾਲ ਅਗਸਤ 'ਚ ਅਲਜੀਰੀਆ ਦੀ ਟਿਊਨੀਸ਼ੀਆ ਨਾਲ ਲੱਗਦੀ ਉੱਤਰੀ ਸਰਹੱਦ ਨੇੜੇ ਜੰਗਲ 'ਚ ਅੱਗ ਲੱਗਣ ਕਾਰਨ 37 ਲੋਕਾਂ ਦੀ ਮੌਤ ਹੋ ਗਈ ਸੀ।