ਮਾਸਕੋ 'ਚ  ਕਾਗ਼ਜ਼ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਮੌਤ

ਮਾਸਕੋ, 30 ਮਈ : ਰੂਸ ਦੀ ਰਾਜਧਾਨੀ ਮਾਸਕੋ 'ਚ ਮੰਗਲਵਾਰ ਸਵੇਰੇ ਕਾਗ਼ਜ਼ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ 'ਚ 3 ਲੋਕਾਂ ਦੀ ਮੌਤ ਹੋ ਗਈ। ਰੂਸ ਦੀ ਆਰਆਈਏ ਸਟੇਟ ਨਿਊਜ਼ ਏਜੰਸੀ ਨੇ ਐਮਰਜੈਂਸੀ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਮਰਜੈਂਸੀ ਸੇਵਾਵਾਂ ਦੇ ਇਕ ਨੁਮਾਇੰਦੇ ਨੇ ਦੱਸਿਆ ਕਿ ਅੱਜ ਸਵੇਰੇ ਮਾਸਕੋ ਨੇੜੇ ਓਡਿਨਸੋਵੋ ਵਿਚ ਕਾਗਜ਼ ਅਤੇ ਗੱਤੇ ਦੇ ਗੋਦਾਮ ਵਿਚ ਅੱਗ ਲੱਗ ਗਈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗਈ। ਹਾਲਾਂਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।