ਅਮਰੀਕਾ ਦੇ ਮੈਸਾਚਿਉਸੇਟਸ ਸੂਬੇ ਦੀ ਜ਼ਿਲ੍ਹਾ ਅਦਾਲਤ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਤੇਜਲ ਮਹਿਤਾ ਨੇ ਜੱਜ ਵਜੋਂ ਚੁੱਕੀ ਸਹੁੰ

ਵਾਸ਼ਿੰਗਟਨ, 06 ਮਾਰਚ : ਅਮਰੀਕਾ ਦੇ ਮੈਸਾਚਿਉਸੇਟਸ ਸੂਬੇ ਦੀ ਜ਼ਿਲ੍ਹਾ ਅਦਾਲਤ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਤੇਜਲ ਮਹਿਤਾ ਨੇ ਜੱਜ ਵਜੋਂ ਸਹੁੰ ਚੁੱਕੀ ਹੈ। ਉਹ ਆਇਰ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਵਜੋਂ ਕੰਮ ਕਰੇਗੀ। ਮਹਿਤਾ ਭਾਰਤੀ-ਅਮਰੀਕੀ ਭਾਈਚਾਰੇ 'ਤੇ ਅਸਲ ਪ੍ਰਭਾਵ ਪਾਉਣ ਅਤੇ ਲੋਕਾਂ ਨਾਲ ਦਿਆਲਤਾ ਨਾਲ ਪੇਸ਼ ਆਉਣ ਦਾ ਵਾਅਦਾ ਕਰਕੇ ਸੁਰਖੀਆਂ ਵਿਚ ਆਈ ਸੀ। ਉਹ ਆਇਰ ਜ਼ਿਲ੍ਹਾ ਅਦਾਲਤ ਦੇ ਸਹਾਇਕ ਜੱਜ ਵਜੋਂ ਸੇਵਾਵਾਂ ਨਿਭਾ ਚੁੱਕੀ ਹੈ। ਮੀਡੀਆ ਰਿਪੋਰਟ ਅਨੁਸਾਰ ਮਹਿਤਾ ਨੂੰ ਸਰਬਸੰਮਤੀ ਨਾਲ ਅਇਰ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਚੁਣਿਆ ਗਿਆ। ਜ਼ਿਲ੍ਹਾ ਅਦਾਲਤ ਦੇ ਚੀਫ਼ ਜਸਟਿਸ ਸਟੈਸੀ ਫੋਰਟਸ ਨੇ 2 ਮਾਰਚ ਨੂੰ ਉਹਨਾਂ ਨੂੰ ਸਹੁੰ ਚੁਕਾਈ। ਜਸਟਿਸ ਫੋਰਟਸ ਨੇ ਕਿਹਾ, "ਮੈਨੂੰ ਯਕੀਨ ਹੈ ਕਿ ਤੁਹਾਡੀ ਅਗਵਾਈ ਨਾਲ... ਆਇਰ ਜ਼ਿਲ੍ਹਾ ਅਦਾਲਤ ਦਾ ਸਰਵੋਤਮ ਪ੍ਰਦਰਸ਼ਨ ਅਜੇ ਬਾਕੀ ਹੈ।" ਉਧਰ ਮਹਿਤਾ ਨੇ ਕਿਹਾ, “ਇਕ ਵਕੀਲ ਵਜੋਂ ਤੁਸੀਂ ਲੋਕਾਂ ਦੀ ਮਦਦ ਕਰ ਸਕਦੇ ਹੋ, ਪਰ ਤੁਸੀਂ ਉਹਨਾਂ ਦੀ ਮਦਦ ਸਿਰਫ ਇਕ ਸੀਮਾ ਤੱਕ ਕਰ ਸਕਦੇ ਹੋ। ਜੱਜ ਵਜੋਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਤੁਸੀਂ ਮੁੱਦੇ ਦੀ ਜੜ੍ਹ ਤੱਕ ਜਾ ਸਕਦੇ ਹੋ। ਤੁਸੀਂ ਲੋਕਾਂ ਨਾਲ ਇਸ ਤਰੀਕੇ ਨਾਲ ਗੱਲ ਕਰ ਸਕਦੇ ਹੋ ਕਿ ਇਹ ਅਸਲ ਵਿਚ ਉਹਨਾਂ ਤੱਕ ਪਹੁੰਚੇ।" ਦੱਸ ਦੇਈਏ ਕਿ ਮਹਿਤਾ ਦੇ ਪਿਤਾ ਇਕ ਕੈਮਿਸਟ ਸਨ ਅਤੇ ਉਹਨਾਂ ਦੀ ਮਾਂ ਇਕ ਹਸਪਤਾਲ ਵਿਚ ਕੰਮ ਕਰਦੀ ਸੀ। ਮਹਿਤਾ ਨੇ 1997 ਵਿਚ ਨੋਟਰ ਡੈਮ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿਚ ਬੈਚਲਰ ਦੀ ਡਿਗਰੀ ਹਾਸਲ ਕੀਤੀ। ਫਿਰ ਉਸ ਨੇ ਬੋਸਟਨ ਯੂਨੀਵਰਸਿਟੀ ਸਕੂਲ ਆਫ ਲਾਅ ਤੋਂ ਸਾਲ 2000 ਵਿਚ ਆਪਣੀ ਜੇਡੀ ਪੂਰੀ ਕੀਤੀ।