ਓਲਡਬਰੀ, ਵੈਸਟ ਮਿਡਲੈਂਡਜ਼ ਵਿੱਚ ਪੁੱਤਰ ਵੱਲੋਂ ਮਾਰੇ ਗਏ ਸਿੱਖ ਜੋੜੇ ਦੇ ਬਚਾਅ ਲਈ ਪਹਿਲਾਂ ਤੋਂ ਕਦਮ ਚੁੱਕੇ ਜਾ ਸਕਦੇ ਸੀ - ਬ੍ਰਿਟਿਸ਼ ਰਿਪੋਰਟ

ਬਰਮਿੰਘਮ, 03 ਫਰਵਰੀ : ਓਲਡਬਰੀ, ਵੈਸਟ ਮਿਡਲੈਂਡਜ਼ ਵਿੱਚ 2020 ਵਿੱਚ ਇੱਕ ਸਿੱਖ ਜੋੜੇ ਦੇ ਕਤਲ ਬਾਰੇ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਦੋਸ਼ੀ ਪੁੱਤਰ ਦੇ ਹਿੰਸਕ ਵਿਉਹਾਰ ਅਤੇ ਖ਼ਰਾਬ ਮਾਨਸਿਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਤੋਂ ਅਹਿਤਿਆਤ ਵਜੋਂ ਕਦਮ ਚੁੱਕੇ ਜਾਂਦੇ ਤਾਂ ਪਤੀ-ਪਤਨੀ ਦੀ ਜਾਨ ਬਚਾਈ ਜਾ ਸਕਦੀ ਸੀ। ਇਹ ਦਾਅਵਾ ਸਿੱਖ ਜੋੜੇ ਦੇ ਕਤਲ ਕੇਸ ਨਾਲ ਸੰਬੰਧਿਤ ਹਾਲ ਹੀ ਵਿੱਚ ਪੇਸ਼ ਹੋਈ ਰਿਪੋਰਟ ਵਿੱਚ ਕੀਤਾ ਗਿਆ ਹੈ। ਪੈਰੋਲ ਲਈ ਵਿਚਾਰੇ ਜਾਣ ਤੋਂ ਪਹਿਲਾਂ ਅਨਮੋਲ ਚਾਨਾ ਨੂੰ ਅਗਸਤ 2020 ਵਿੱਚ ਬਰਮਿੰਘਮ ਕਰਾਊਨ ਕੋਰਟ ਨੇ ਘੱਟੋ-ਘੱਟ 36 ਸਾਲ ਦੀ ਸਜ਼ਾ ਸੁਣਾਈ ਸੀ। ਅਨਮੋਲ ਨੂੰ ਆਪਣੀ ਮਾਂ ਜਸਬੀਰ ਕੌਰ (52) ਅਤੇ ਪਿਤਾ ਰੁਪਿੰਦਰ ਸਿੰਘ ਬਾਸਨ (51) ਨੂੰ ਕਈ ਵਾਰ ਚਾਕੂ ਮਾਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਪੁਲਿਸ ਨੇ ਫਰਵਰੀ 2020 ਵਿੱਚ ਬ੍ਰਿਟਿਸ਼ ਸਿੱਖ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਘਰੋਂ ਬਰਾਮਦ ਕੀਤੀਆਂ ਸਨ। ਇਸ ਮਾਮਲੇ ਵਿੱਚ, 'ਇੰਡੀਪੈਂਡੈਂਟ ਡੋਮੇਸਟਿਕ ਹੋਮੀਸਾਈਡ ਰਿਵਿਊ' ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਨੋਵਿਗਿਆਨੀ ਅਨਮੋਲ ਦਾ 'ਰਸਮੀ ਤੌਰ 'ਤੇ ਮੁਲਾਂਕਣ' ਕਰਨ ਵਿੱਚ ਨਾਕਾਮ ਰਿਹਾ। ਰਿਪੋਰਟ ਵਿੱਚ 2002 ਤੋਂ 2020 ਤੱਕ ਪਰਿਵਾਰਕ ਡਾਕਟਰਾਂ ਦੁਆਰਾ ਪ੍ਰਦਾਨ ਕੀਤੇ ਗਏ ਵਿਆਪਕ ਵੇਰਵੇ ਸ਼ਾਮਲ ਹਨ।